ਸਟੇਟ ਬਿਊਰੋ, ਕੋਲਕਾਤਾ : ਬੰਗਾਲ ’ਚ ਕੋਲਕਾਤਾ ਨਾਲ ਲੱਗਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਬੈਰਕਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ ਪਿਛਲੇ ਦਿਨੀਂ ਬੰਬ ਸੁੱਟਣ ਦੀ ਵਾਰਦਾਤ ਦੀ ਜਾਂਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪੇ ਜਾਣ ਦੇ ਆਦੇਸ਼ ਦੇ ਦੂਜੇ ਦਿਨ ਮੰਗਲਵਾਰ ਸਵੇਰੇ ਇਕ ਵਾਰ ਫਿਰ ਉਨ੍ਹਾਂ ਦੇ ਘਰ ਦੇ ਬਾਹਰ ਇਸੇ ਤਰ੍ਹਾਂ ਦਾ ਧਮਾਕਾ ਹੋਣ ਦੀ ਜਾਣਕਾਰੀ ਮਿਲੀ ਹੈ। ਇਕ ਹਫ਼ਤੇ ਤੋਂ ਵੀ ਘੱਟ ਸਮੇਂ ’ਚ ਦੂਜੀ ਵਾਰ ਭਾਜਪਾ ਸੰਸਦ ਮੈਂਬਰ ਦੇ ਘਰ ਦੇ ਬਾਹਰ ਬੰਬ ਧਮਾਕੇ ਦੀ ਇਸ ਵਾਰਦਾਤ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਦੀ ਸਰਗਰਮੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਭਾਜਪਾ ਸੰਸਦ ਮੈਂਬਰ ਸਿੰਘ ਨੇ ਦੋਸ਼ ਲਾਇਆ ਹੈ ਕਿ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਲੋਕ ਉਨ੍ਹਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।

ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੰਗਲਵਾਰ ਸਵੇਰੇ ਲਗਪਗ ਸਵਾ ਨੌਂ ਵਜੇ ਸਿੰਘ ਦੇ ਭਾਟਪਾੜਾ ਸਥਿਤ ਘਰ ਤੋਂ ਲਗਪਗ 200 ਮੀਟਰ ਦੀ ਦੂਰੀ ’ਤੇ ਖਾਲੀ ਪਲਾਟ ’ਚ ਬੰਬ ਧਮਾਕਾ ਹੋਇਆ। ਦੱਸਿਆ ਜਾਂਦਾ ਹੈ ਬਦਮਾਸ਼ ਉੱਥੇ ਬੰਬ ਸੁੱਟ ਕੇ ਭੱਜ ਗਏ ਸਨ। ਹਾਲਾਂਕਿ ਇਸ ’ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਪੁਲਿਸ ਦੀ ਟੀਮ ਬੰਬ ਸੁੱਟਣ ਦੀ ਘਟਨਾ ਤੋਂ ਬਾਅਦ ਮੌਕੇ ’ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਬੀਤੀ ਅੱਠ ਸਤੰਬਰ ਦੀ ਸਵੇਰ ਨੂੰ ਵੀ ਭਾਜਪਾ ਦੇ ਸੰਸਦ ਮੈਂਬਰ ਦੇ ਘਰ ’ਤੇ ਤਿੰਨ ਬੰਬ ਸੁੱਟੇ ਗਏ ਸਨ ਤੇ ਉਨ੍ਹਾਂ ਦੇ ਘਰ ਦਾ ਦਰਵਾਜਾ ਨੁਕਸਾਨਿਆ ਗਿਆ ਸੀ ਤੇ ਕਈ ਲੋਕ ਜ਼ਖ਼ਮੀ ਹੋਏ ਸਨ। ਸਿੰਘ ਉਸ ਦਿਨ ਘਰ ਨਹੀਂ ਸਨ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ ਤੋਂ ਬਾਅਦ ਬੀਤੇ ਸੋਮਵਾਰ ਨੂੰ ਹੀ ਮਾਮਲੇ ਦੀ ਜਾਂਚ ਐੱਨਆਈਏ ਨੂੰ ਸੌਂਪੀ ਗਈ ਸੀ। ਉਧਰ ਖ਼ਬਰ ਹੈ ਕਿ ਮੰਗਲਵਾਰ ਨੂੰ ਐੱਨਆਈਏ ਦੀ ਇਕ ਟੀਮ ਨੇਵੀ ਮੌਕੇ ਦਾ ਦੌਰਾ ਕੀਤਾ ਤੇ ਕੁਝ ਨਮੂਨੇ ਇਕੱਠੇ ਕੀਤੇ ਹਨ।

ਸੰਸਦ ਮੈਂਬਰ ਨੇ ਦੱਸਿਆ ਯੋਜਨਾਬੱਧ ਹਮਲਾ

ਭਾਜਪਾ ਦੇ ਸੰਸਦ ਮੈਂਬਰ ਅਰਜੁਨ ਸਿੰਘ ਨੇ ਦੋਸ਼ ਲਾਇਆ ਹੈ ਕਿ ਇਹ ਇਕ ਯੋਜਨਾ ਤਹਿਤ ਕੀਤਾ ਗਿਆ ਹਮਲਾ ਹੈ। ਇਸ ਦੇ ਪਿੱਛੇ ਤ੍ਰਿਣਮੂਲ ਕਾਂਗਰਸ ਹੈ। ਉਹ ਮੈਨੂੰ ਤੇ ਮੇਰੇ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਮੇਂ ਬੰਗਾਲ ’ਚ ਗੁੰਡਾਰਾਜ ਹੈ।

ਟੀਐੱਮਸੀ ਨੇ ਸਿੰਘ ਨੂੰ ਦੱਸਿਆ ਜ਼ਿੰਮੇਵਾਰ

ਟੀਐੱਮਸੀ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਪ੍ਰਧਾਨ ਪਾਰਥ ਭੌਮਿਕ ਨੇ ਸਿੰਘ ਦੇ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੰਸਦ ਮੈਂਬਰ ਆਪਣੇ ਘਰ ਦੇ ਬਾਹਰ ਹੋਣ ਵਾਲੇ ਧਮਾਕਿਆਂ ਲਈ ਖ਼ੁਦ ਹੀ ਕਿਸੇ ਨਾ ਕਿਸੇ ਤਰ੍ਹਾਂ ਜ਼ਿੰਮੇਵਾਰ ਹਨ।

Posted By: Jatinder Singh