ਅਮਰਾਵਤੀ (ਪੀਟੀਆਈ) : ਆਂਧਰ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ 'ਚ ਹੋਏ ਕਿਸ਼ਤੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਮੰਗਲਵਾਰ ਨੂੰ ਹੋਰ ਸੱਤ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਦੱਸਿਆ ਕਿ ਹਾਦਸੇ ਦੀ ਸ਼ਿਕਾਰ ਹੋਈ ਕਿਸ਼ਤੀ ਗੋਦਾਵਰੀ ਨਦੀ ਦੇ ਤਲ 'ਚ 315 ਫੁੱਟ ਤੋਂ ਵੀ ਹੇਠਾਂ ਬੈਠ ਗਈ ਹੈ। ਨਦੀ 'ਚ ਹੜ੍ਹ ਕਾਰਨ ਕਿਸ਼ਤੀ ਨੂੰ ਬਾਹਰ ਕੱਢਣਾ ਮੁਸ਼ਕਲ ਹੋ ਰਿਹਾ ਹੈ।

ਪੁਲਿਸ ਡੀਆਈਜੀ ਮੁਹੰਮਦ ਅਹਿਸਾਨ ਰਾਜਾ ਨੇ ਦੱਸਿਆ ਕਿ ਹੁਣ ਤਕ 19 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਕਿਸ਼ਤੀ 'ਚ ਕੁਝ ਹੋਰ ਲੋਕਾਂ ਦੇ ਫਸੇ ਹੋਣ ਦੀ ਸ਼ੰਕਾ ਹੈ। ਨੇਵੀ ਤੇ ਐੱਨਡੀਆਰਐੱਫ ਦੇ ਮਾਹਿਰ ਗੋਤਾਖੋਰ ਲਾਸ਼ਾਂ ਦੀ ਤਲਾਸ਼ 'ਚ ਜੁਟੇ ਹੋਏ ਹਨ। ਹਾਦਸੇ ਤੋਂ ਬਾਅਦ 29 ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਪੂਰਬੀ ਗੋਦਾਵਰੀ ਜ਼ਿਲ੍ਹੇ 'ਚ ਕੱਚਲੁਰੂ ਕੋਲ ਹਾਦਸਾ ਹੋਇਆ ਸੀ। ਪਰ ਮੰਗਲਵਾਰ ਨੂੰ ਘਟਨਾ ਵਾਲੀ ਥਾਂ ਤੋਂ ਬਹੁਤ ਦੂਰ ਨਦੀ 'ਚ ਲਾਸ਼ਾਂ ਮਿਲੀਆਂ। ਪੁਲਿਸ ਨੇ ਦੱਸਿਆ ਕਿ ਇਕ ਲਾਸ਼ ਦੋਵਾਲੇਸ਼ਵਰਮ ਸਥਿਤ ਸਰ ਆਰਥਰ ਕਾਟਨ ਬੈਰਾਜ ਕੋਲ ਮਿਲੀ।

ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਜ਼ਿਲ੍ਹਾ ਅਧਿਕਾਰੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ।