ਬੈਂਗਲੁਰੂ (ਪੀਟੀਆਈ) : ਇਕ ਸੀਨੀਅਰ ਵਿਗਿਆਨੀ ਦਾ ਕਹਿਣਾ ਹੈ ਕਿ ਆਨਲਾਈਨ ਗੇਮ ਪਬਜੀ ਬੱਚਿਆਂ ਲਈ ਬੇਹੱਦ ਘਾਤਕ ਹੈ। ਇਹ ਖੇਡ ਉਨ੍ਹਾਂ ਨੂੰ ਅਪਰਾਧਿਕ ਸੁਭਾਅ ਤੇ ਨਾਂਹ-ਪੱਖੀ ਸੋਚ ਵੱਲ ਧੱਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਆਨਲਾਈਨ ਗੇਮਜ਼ ਖਾਸ ਕਰ ਕੇ ਬੱਚਿਆਂ ਦੀਆਂ ਆਨਲਾਈਨ ਖੇਡਾਂ ਨੂੰ ਕੌਮਾਂਤਰੀ ਮਾਪਦੰਡਾਂ ਮੁਤਾਬਕ ਤੇ ਨਿਯਮ ਕਾਇਦਿਆਂ 'ਚ ਬੰਨ੍ਹਣ ਦੀ ਜ਼ਰੂਰਤ ਹੈ।

ਇਸਰੋ ਦੇ ਸਾਬਕਾ ਪ੍ਰਧਾਨ ਜੀ. ਮਾਧਵਨ ਨਾਇਰ ਨੇ ਕਿਹਾ ਕਿ ਪਬਜੀ ਨਾਲ ਭਲਾ ਘੱਟ ਤੇ ਨੁਕਸਾਨ ਜ਼ਿਆਦਾ ਹੁੰਦਾ ਹੈ। ਇਸ ਕਰ ਕੇ ਬੱਚਿਆਂ ਲਈ ਅਪਰਾਧ ਦੀ ਦੁਨੀਆ ਦਾ ਰਾਹ ਖੁੱਲ੍ਹ ਜਾਂਦਾ ਹੈ। ਐਸੋਚੈਮ ਦੇ ਬੁਲਾਰੇ ਨੇ ਵੀ ਕਿਹਾ ਕਿ ਭਾਰਤ 'ਚ ਗੇਮਿੰਗ ਕੰਪਨੀਆਂ ਨੂੰ ਕੌਮਾਂਤਰੀ ਸੁਰੱਖਿਆ ਪਾਲਣਾ ਕਰਨੀ ਚਾਹੀਦੀ। ਖਾਸ ਕਰ ਕੇ ਬੱਚਿਆਂ ਦੀਆਂ ਖੇਡਾਂ 'ਚ ਜ਼ਿਆਦਾ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ 'ਚ ਪਿਛਲੇ ਮਹੀਨੇ ਇਕ 22 ਸਾਲ ਦੇ ਨੌਜਵਾਨ ਨੇ ਮਲਟੀਪਲੇਅਰ ਕਾਂਬੈਟ ਗੇਮ ਕਾਰਨ ਖ਼ੁਦਕੁਸ਼ੀ ਕਰ ਲਈ। ਇਸੇ ਤਰ੍ਹਾਂ ਪਿਛਲੇ ਸਾਲ ਮਈ ਦੇ ਮਹੀਨੇ 'ਚ ਰਾਜਸਥਾਨ ਦੇ ਕੋਟਾ 'ਚ 14 ਸਾਲ ਦੇ ਇਕ ਲੜਕੇ ਨੇ ਠਾਣੇ ਦੇ ਭਿਵੰਡੀ 'ਚ ਪੂਰੀ ਰਾਤ ਪਬਜੀ ਖੇਡਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਇਸੇ ਤਰ੍ਹਾਂ ਪਿਛਲੇ ਸਾਲ ਭਿਵੰਡੀ ਦੇ 15 ਸਾਲ ਦੇ ਲੜਕੇ ਨੇ ਆਪਣੇ ਵੱਡੇ ਭਰਾ ਦੀ ਇਸ ਲਈ ਹੱਤਿਆ ਕਰ ਦਿੱਤੀ ਕਿਉਂਕਿ ਉਹ ਉਸ ਨੂੰ ਫੋਨ 'ਤੇ ਪਬਜੀ ਖੇਡਣ ਤੋਂ ਟੋਕ ਰਿਹਾ ਸੀ।