ਨਵੀਂ ਦਿੱਲੀ (ਏਜੰਸੀ) : ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਦੀ ਟਵਿਟਰ 'ਤੇ ਹਕੂਮਤ ਚੱਲਦੀ ਹੈ। ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 4.3 ਕਰੋੜ ਹੋ ਜਾਣਾ ਇਸ ਗੱਲ ਦਾ ਸਬੂਤ ਹੈ। ਏਨੀ ਵੱਡੀ ਤੇ ਮਸਰੂਫ਼ ਸ਼ਖ਼ਸੀਅਤ ਹੋਣ ਦੇ ਬਾਵਜੂਦ ਉਹ ਸੋਸ਼ਲ ਮੀਡੀਆ 'ਤੇ ਨਾ ਸਿਰਫ਼ ਸਰਗਰਮ ਰਹਿੰਦੇ ਹਨ, ਬਲਕਿ ਪ੍ਰਸੰਸਕਾਂ ਨਾਲ ਰੋਚਕ ਅੰਦਾਜ਼ 'ਚ ਸੰਵਾਦ ਵੀ ਕਰਦੇ ਹਨ। ਟਵਿਟਰ 'ਤੇ ਫਾਲੋਅਰਜ਼ ਦੀ ਗਿਣਤੀ 4 ਕਰੋੜ 30 ਲੱਖ ਹੋਣ ਦੀ ਸੂਚਨਾ ਵੀ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਮਜ਼ੇਦਾਰ ਪੋਸਟ ਜ਼ਰੀਏ ਹੀ ਦਿੱਤੀ। ਦਿੱਗਜ ਅਭਿਨੇਤਾ ਨੇ ਲਿਖਿਆ, 'ਇਹ ਇੰਸਟਾ ਹੈ ਮਿਸਟਰ ਬੀ, ਟਵਿਟਰ ਨਹੀਂ ਹੈ। ਟੀ 'ਤੇ ਮਿਲੀਅਨਸ ਹਨ, ਪਰ ਇੱਥੇ ਨਹੀਂ ਹਨ...ਜਿਵੇਂ ਕਿ ਤੁਸੀਂ ਦੇਖ ਸਕਦੇ ਹੋ।' ਉਨ੍ਹਾਂ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ, 'ਟਵਿਟਰ 'ਤੇ 4.3 ਕਰੋੜ ਫਾਲੋਅਰ ਹੋ ਚੁੱਕੇ ਹਨ।' 77 ਸਾਲਾ ਅਮਿਤਾਭ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹਨ। ਉਹ ਬਲਾਗਿੰਗ ਵੀ ਕਰਦੇ ਹਨ। ਖ਼ਾਸ ਤੌਰ 'ਤੇ ਵਿਸ਼ੇ ਨੂੰ ਪੇਸ਼ ਕਰਨ ਦਾ ਅੰਦਾਜ਼ ਉਨ੍ਹਾਂ ਦੇ ਪ੍ਰੰਸਸਕਾਂ ਨੂੰ ਕਾਫ਼ੀ ਚੰਗਾ ਲੱਗਦਾ ਹੈ। ਉਹ ਅਕਸਰ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦੇ ਹਨ ਤੇ ਉਸ ਦੇ ਪਿਛੋਕੜ ਬਾਰੇ ਵੀ ਦੱਸਦੇ ਹਨ।