ਅਹਿਮਦਾਬਾਦ: ਪਾਕਿਸਤਾਨ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ 'ਤੇ ਭਾਰਤੀ ਹਵਾਈ ਫੌਜ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ 'ਤੇ ਰਾਜਨੀਤੀ ਸ਼ੁਰੂ ਹੋ ਗਈ ਹੈ। ਕਈ ਵਿਰੋਧੀ ਪਾਰਟੀਆਂ ਨੇ ਅੱਤਵਾਦੀਆਂ 'ਤੇ ਕੀਤੇ ਗਏ ਇਸ ਹਮਲੇ ਦੇ ਸਬੂਤ ਮੰਗੇ ਹਨ। ਹਵਾਈ ਫੌਜ ਵੱਲੋਂ ਹਾਲੇ ਤਕ ਏਅਰ ਸਟ੍ਰਾਈਕ 'ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਨਹੀਂ ਦੱਸੀ ਗਈ ਹੈ। ਪਰ ਇਸ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਏਅਰ ਸਟ੍ਰਾਈਕ 'ਚ 250 ਅੱਤਵਾਦੀ ਮਾਰੇ ਗਏ। ਕਾਂਗਰਸ ਨੇ ਸਵਾਲ ਉਠਾਇਆ ਕਿ ਅਮਿਤ ਸ਼ਾਹ ਕੋਲ ਇਹ ਅੰਕੜਾ ਕਿੱਥੋ ਆਇਆ?

ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਪੁੱਛਿਆ ਕਿ ਏਅਰ ਵਾਈਸ ਮਾਰਸ਼ਲ ਆਰਜੀਕੇ ਕਪੂਰ ਨੇ ਕਿਹਾ ਹੈ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਅੱਤਵਾਦੀ ਕੈਂਪ 'ਤੇ ਹੋਈ ਏਅਰ ਸਟ੍ਰਾਈਕ 'ਚ ਕਿੰਨੇ ਅੱਤਵਾਦੀ ਮਾਰੇ ਗਏ ਹਨ। ਪਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਏਅਰ ਸਟ੍ਰਾਈਕ 'ਚ 250 ਅੱਤਵਾਦੀ ਮਾਰੇ ਗਏ ਹਨ। ਕੀ ਇਹ ਏਅਰ ਸਟ੍ਰਾਈਕ ਨੂੰ ਲੈ ਕੇ ਰਾਜਨੀਤੀ ਨਹੀਂ ਕੀਤੀ ਜਾ ਰਹੀ ਹੈ?

ਦੱਸ ਦਈਏ ਕਿ ਪਾਕਿਸਤਾਨ ਦੇ ਬਾਲਾਕੋਟ 'ਚ ਦਾਖ਼ਲ ਹੋ ਕੇ ਭਾਰਤੀ ਹਵਾਈ ਫੌਜ ਦੁਆਰਾ ਕੀਤੀ ਕਾਰਵਾਈ ਤੋਂ ਹਰ ਹੋਈ ਹੈਰਾਨ ਹੈ। ਪਾਕਿਸਤਾਨ ਦੇ ਬਾਲਾਕੋਟ 'ਚ ਭਾਰਤੀ ਹਵਾਈ ਫੌਜ ਦੀ ਕਾਰਵਾਈ ਦੇ ਸਬੂਤ ਮੰਗਣ ਵਾਲੀਆਂ ਵਿਰੋਧੀ ਪਾਰਟੀਆਂ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਲੰਮੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ, 'ਇਹ ਆਗੂ ਸੁਰੱਖਿਆ ਬਲਾਂ ਦੀ ਬਹਾਦਰੀ 'ਤੇ ਸਵਾਲ ਉਠਾ ਰਹੇ ਹਨ। ਕਾਰਾਵਾਈ 'ਤੇ ਸ਼ੱਕ ਪੈਦਾ ਕਰ ਰਹੇ ਹਨ। ਭਾਰਤੀ ਆਗੂਆਂ ਦੀ ਅਜਿਹੀ ਜ਼ੁਬਾਨ ਸੁਣ ਕੇ ਪਾਕਿਸਤਾਨ ਮੁਸਕਰਾ ਰਿਹਾ ਹੈ। ਉਸ ਨੂੰ ਸਕੂਨ ਮਿਲ ਰਿਹਾ ਹੈ।'

ਅਮਿਤ ਸ਼ਾਹ ਨੇ ਕਿਹਾ ਕਿ ਇਹ ਪਾਰਟੀਆਂ ਜੇਕਰ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਅਤੇ ਸੁਰੱਖਿਆ ਬਲਾਂ ਦੀ ਉਪਲਬਧੀ ਦੀ ਤਾਰੀਫ਼ ਨਹੀਂ ਕਰ ਸਕਦੀਆਂ ਤਾਂ ਉਹ ਚੁੱਪ ਰਹਿਣ। ਦੱਸਣਯੋਗ ਹੈ ਕਿ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਅਤੇ ਦੋ ਹੋਰ ਸਥਾਨਾਂ 'ਤੇ ਸਥਿਤ ਅੱਤਵਾਦੀ ਅੱਡਿਆਂ 'ਤੇ ਹਵਾਈ ਕਾਰਵਾਈ ਕੀਤੀ ਸੀ। ਇਸ ਘਟਨਾ ਤੋਂ ਬਾਅਦ 27 ਫਰਵਰੀ ਨੂੰ ਪਾਕਿਸਤਾਨ ਦੀ ਹਵਾਈ ਫੌਜ ਨੇ ਭਾਰਤੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਸਫ਼ਲ ਰਹੇ।

ਪ੍ਰਧਾਨ ਮੰਤਰੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਸ਼ਾਹ ਨੇ ਕਿਹਾ, 'ਉਨ੍ਹਾਂ ਪੁਰਾਣੇ ਬਾਕੀ ਕੰਮ ਪੂਰੇ ਕਰਦੇ ਹੋਏ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਣ ਦੀ ਯੋਜਨਾ ਤਿਆਰ ਕੀਤੀ ਅਤੇ ਉਸ ਨੂੰ ਅੰਜਾਮ ਤਕ ਪਹੁੰਚਾਇਆ। ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦ ਨੂੰ ਬਰਦਾਸ਼ਤ ਨਾ ਕਰਨ ਦੀ ਨੀਤੀ ਨੂੰ ਦੇਸ਼ ਅਤੇ ਦੁਨੀਆ ਸਾਹਮਣੇ ਰੱਖਿਆ ਹੈ। 2016 'ਚ ਹੋਈ ਸਰਜੀਕਲ ਸਟ੍ਰਾਈਕ ਤੋਂ ਬਾਅਦ 26 ਫਰਵਰੀ ਨੂੰ ਹੋਈ ਏਅਰ ਸਟ੍ਰਾਈਕ ਇਸ ਦੀਆਂ ਉਦਾਹਰਨਾਂ ਹਨ। ਪਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇਹ ਕਾਰਵਾਈ ਹਜ਼ਮ ਨਹੀਂ ਹੋ ਰਹੀ। ਮਮਤਾ ਸਬੂਤ ਮੰਗ ਰਹੀ ਹੈ ਤਾਂ ਰਾਹੁਲ ਬਾਬਾ ਕਾਰਵਾਈ ਨੂੰ ਸਿਆਸੀ ਐਨਕਾਂ ਨਾਲ ਦੇਖ ਰਹੇ ਹਨ। ਅਖਿਲੇਸ਼ ਯਾਦਵ ਕਾਰਵਾਈ ਦੀ ਜਾਂਚ ਦੀ ਮੰਗ ਕਰ ਰਹੇ ਹਨ। ਦੇਸ਼ ਨੂੰ ਇਸ ਤਰ੍ਹਾਂ ਦੇ ਬਿਆਨਾਂ 'ਤੇ ਸ਼ਰਮ ਆ ਰਹੀ ਹੈ ਅਤੇ ਪਾਕਿਸਤਾਨ ਇਨ੍ਹਾਂ ਨੂੰ ਸੁਣ ਕੇ ਮੁਸਕਰਾ ਰਿਹਾ ਹੈ। ਸੁਰੱਖਿਆ ਬਲਾਂ ਦੇ ਹੌਸਲੇ 'ਤੇ ਸਵਾਲ ਕਰਨ ਵਾਲੇ ਇਨ੍ਹਾਂ ਆਗੂਆਂ ਦੀ ਪ੍ਰੈੱਸ ਕਾਨਫਰੰਸ ਪਾਕਿਸਤਾਨੀ ਹੁਕਮਰਾਨਾਂ ਦੇ ਬੁਝੇ ਹੋਏ ਚਿਹਰਿਆਂ 'ਤੇ ਮੁਸਕਰਾਹਟ ਲਿਆਉਣ ਦਾ ਕੰਮ ਰਹੀ ਹੈ।

Posted By: Akash Deep