ਨਵੀਂ ਦਿੱਲੀ: ਇਕ ਵਾਰ ਮੁੜ ਸੱਤਾ 'ਚ ਵਾਪਸੀ ਕਰਨ ਨਾਲ ਹੀ ਭਾਜਪਾ ਸਰਕਾਰ ਆਪਣੇ ਦੂਸਰੇ ਮਿਸ਼ਨ 'ਚ ਜੁਟ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਅੱਜ (ਵੀਰਵਾਰ) ਸੂਬੇ ਦੀਆਂ ਇਕਾਈਆਂ ਨਾਲ ਬੈਠਕ ਕਰਨਗੇ। ਇਸ ਦੌਰਾਨ ਪਾਰਟੀ 'ਚ ਹੋਣ ਵਾਲੇ ਸੰਗਠਨ ਦੀਆਂ ਚੋਣਾਂ 'ਤੇ ਮੰਥਨ ਕੀਤਾ ਜਾਵੇਗਾ, ਨਾਲ ਹੀ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵੀ ਰਣਨੀਤੀ 'ਤੇ ਚਰਚਾ ਹੋਣ ਦੀ ਉਮੀਦ ਹੈ। ਫਿਲਹਾਲ ਬੈਠਕ 'ਚ ਹਿੱਸਾ ਲੈਣ ਲਈ ਭਾਜਪਾ ਦੇ ਆਗੂ ਦਿਲੀਪ ਘੋਸ਼, ਵਸੂੰਧਰਾ ਰਾਜੇ ਸਿੰਧਿਆ, ਉਮਾ ਭਾਰਤੀ ਅਤੇ ਹੋਰ ਲੋਕ ਪਾਰਟੀ ਹੈਡਕੁਆਰਟਰ ਪਹੁੰਚ ਗਏ ਹਨ।


ਸੂਤਰਾਂ ਦੀ ਮੰਨੀਏ ਤਾਂ ਇਸ ਬੈਠਕ ਦੌਰਾਨ ਇਹ ਵੀ ਚਰਚਾ ਕੀਤੀ ਜਾਵੇਗੀ ਕਿ ਆਖ਼ਿਰ ਪਾਰਟੀ ਦਾ ਪ੍ਰਧਾਨ ਕੌਣ ਬਣੇਗਾ। ਕਿਉਂਕਿ ਚੋਣਾਂ ਜਿੱਤਣ ਤੋਂ ਬਾਅਦ ਅਮਿਤ ਸ਼ਾਹ ਨੂੰ ਸਰਕਾਰ 'ਚ ਗ੍ਰਹਿ ਮੰਤਰੀ ਬਣਾ ਦਿੱਤਾ ਗਿਆ ਹੈ ਅਤੇ ਦੇਖਿਆ ਜਾਵੇ ਤਾਂ ਹਮੇਸ਼ਾ ਤੋਂ ਭਾਜਪਾ ਦੀ ਨੀਤੀ ਰਹੀ ਹੈ ਕਿ ਇਕ ਵਿਅਕਤੀ ਨੂੰ ਇਕ ਅਹੁਦਾ ਹੀ ਦਿੱਤਾ ਜਾਂਦਾ ਹੈ। ਨਾਲ ਹੀ ਇਸ ਬੈਠਕ 'ਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਵੀ ਮੰਥਨ ਕੀਤਾ ਜਾਵੇਗਾ।

ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਾਲ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸੂਤਰ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਕਾਰਨ ਇਨ੍ਹਾਂ ਸਾਰੇ ਸੂਬਿਆਂ 'ਚ ਹੋਣ ਵਾਲੀਆਂ ਸੰਗਠਨ ਚੋਣਾਂ ਟਾਲੀਆਂ ਜਾ ਸਕਦੀਆਂ ਹਨ।

Posted By: Akash Deep