ਜਾਗਰਣ ਬਿਊਰੋ, ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਿੰਨ ਤਲਾਕ ਖ਼ਿਲਾਫ਼ ਬਣੇ ਕਾਨੂੰਨ ਦਾ ਵਿਰੋਧ ਕਰ ਰਹੀ ਕਾਂਗਰਸ 'ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਵੋਟ ਬੈਂਕ ਦੀ ਰਾਜਨੀਤੀ ਲਈ ਕਾਂਗਰਸ ਇਸ ਕਾਨੂੰਨ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਤਿੰਨ ਤਲਾਕ ਖ਼ਿਲਾਫ਼ ਕਾਨੂੰਨ ਨੂੰ ਭਾਰਤੀ ਮੁਸਲਮਾਨ ਸਮਾਜ ਦੇ ਅੰਦਰ ਮੌਜੂਦ ਇਕ ਵੱਡੀ ਕੁਰੀਤੀ ਨੂੰ ਖ਼ਤਮ ਕਰਨ ਦੀ ਦਿਸ਼ਾ ਵਿਚ ਵੱਡਾ ਕਦਮ ਕਰਾਰ ਦਿੱਤਾ। ਅਮਿਤ ਸ਼ਾਹ ਇੱਥੇ ਸ਼ਿਆਮਾ ਪ੍ਰਸਾਦ ਮੁਖਰਜੀ ਖੋਜ ਫਾਊਂਡੇਸ਼ਨ ਵੱਲੋਂ ਕਰਵਾਏ ਇਕ ਪ੍ਰਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।

ਅਮਿਤ ਸ਼ਾਹ ਨੇ ਕਿਹਾ ਕਿ 1985 ਵਿਚ ਕਾਂਗਰਸ ਨੂੰ ਤਿੰਨ ਤਲਾਕ ਦੀ ਮਾੜੀ ਕੁਰੀਤੀ ਨੂੰ ਖ਼ਤਮ ਕਰਨ ਦਾ ਇਤਿਹਾਸਕ ਮੌਕਾ ਮਿਲਿਆ ਸੀ। ਉਦੋਂ ਸੁਪਰੀਮ ਕੋਰਟ ਨੇ ਸ਼ਾਹ ਬਾਨੋ ਮਾਮਲੇ ਵਿਚ ਤਿੰਨ ਤਲਾਕ ਨੂੰ ਖ਼ਤਮ ਕਰਦੇ ਹੋਏ ਕਿਹਾ ਸੀ ਕਿ ਪਤਨੀ ਨੂੰ ਖ਼ਰਚਾ ਦੇਣਾ ਲਾਜ਼ਮੀ ਬਣਾਇਆ ਸੀ, ਪਰ ਰਾਜੀਵ ਗਾਂਧੀ ਨੇ ਰੂੜ੍ਹੀਵਾਦੀ ਮੁਸਲਮਾਨਾਂ ਦੇ ਦਬਾਅ ਵਿਚ ਅਤੇ ਵੋਟ ਬੈਂਕ ਲਈ ਅਦਾਲਤ ਦੇ ਫ਼ੈਸਲੇ ਨੂੰ ਪਲਟ ਦਿੱਤਾ ਸੀ। ਸ਼ਾਹ ਨੇ ਕਿਹਾ, 'ਅੱਜ ਵੀ ਕਾਂਗਰਸ ਨੂੰ ਕੋਈ ਸ਼ਰਮ ਨਹੀਂ ਹੈ, ਉਹ ਕਹਿੰਦੇ ਹਨ ਕਿ ਉਹ ਤਿੰਨ ਤਲਾਕ ਦੇ ਪੱਖ ਵਿਚ ਹਨ ਅਤੇ ਇਸ ਨੂੰ ਬਣਿਆ ਰਹਿਣਾ ਚਾਹੀਦਾ ਹੈ। ਕਿਉਂ? ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ। ਉਨ੍ਹਾਂ ਆਪਣੇ ਰੁਖ਼ ਲਈ ਇਕ ਵੀ ਤਰਕ ਨਹੀਂ ਦਿੱਤਾ।'

ਤਿੰਨ ਤਲਾਕ ਖ਼ਿਲਾਫ਼ ਕਾਨੂੰਨ ਨੂੰ ਮੁਸਲਮਾਨ ਸਮਾਜ ਦੇ ਹਿੱਤ ਵਿਚ ਦੱਸਦੇ ਹੋਏ ਸ਼ਾਹ ਨੇ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਹੀ ਆਪਣੀਆਂ ਮਾੜੀਆਂ ਕੁਰੀਤੀਆਂ ਨੂੰ ਦੂਰ ਕਰਨ ਵਾਲਾ ਸਮਾਜ ਨਿਰਮਲ ਗੰਗਾ ਦੀ ਤਰ੍ਹਾਂ ਰਹਿੰਦਾ ਹੈ। ਤਿੰਨ ਤਲਾਕ ਖ਼ਿਲਾਫ਼ ਕਾਨੂੰਨ ਨੂੰ ਇਸਲਾਮ ਵਿਰੋਧੀ ਕਰਾਰ ਦੇਣ ਵਾਲਿਆਂ ਨੂੰ ਲੰਮੇ ਹੱਥੀਂ ਲੈਂਦੇ ਹੋਏ ਸ਼ਾਹ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ 1922 ਤੋਂ 1963 ਵਿਚਾਲੇ 18 ਇਸਲਾਮਿਕ ਦੇਸ਼ ਇਸ ਖ਼ਿਲਾਫ਼ ਕਾਨੂੰਨ ਨਾ ਬਣਾਉਂਦੇ। ਸ਼ਾਹ ਨੇ ਕਿਹਾ ਕਿ ਜਿਸ ਮਾੜੀ ਕੁਰੀਤੀ ਨੂੰ ਮੁਸਲਮਾਨ ਦੇਸ਼ ਨੇ 1963 ਤਕ ਤਿਲਾਂਜਲੀ ਦੇ ਦਿੱਤੀ ਸੀ, ਭਾਰਤ ਵਿਚ ਤੁਸ਼ਟੀਕਰਨ ਅਤੇ ਵੋਟ ਬੈਂਕ ਦੀ ਸਿਆਸਤ ਕਾਰਨ ਉਸ ਨੂੰ ਦੂਰ ਕਰਨ ਵਿਚ 56 ਸਾਲ ਲੱਗ ਗਏ। ਤੁਸ਼ਟੀਕਰਨ, ਪਰਿਵਾਰਵਾਦ ਅਤੇ ਜਾਤੀਵਾਦ ਨੂੰ ਲੋਕਤੰਤਰ ਦਾ ਨਾਸੂਰ ਦੱਸਦੇ ਹੋਏ ਸ਼ਾਹ ਨੇ ਕਿਹਾ ਕਿ ਜਨਤਾ ਨੇ 2014 ਵਿਚ ਮੋਦੀ ਦੀ ਅਗਵਾਈ ਵਿਚ ਭਾਜਪਾ ਨੂੰ ਪੂਰਨ ਬਹੁਮਤ ਦੇ ਕੇ ਇਸ ਦੇ ਅੰਤ ਦੀ ਸ਼ੁਰੂਆਤ ਕਰ ਦਿੱਤੀ ਸੀ ਅਤੇ 2019 ਵਿਚ ਉਸ ਤੋਂ ਜ਼ਿਆਦਾ ਸੀਟਾਂ ਦੇ ਕੇ ਇਸ ਦੇ ਤਾਬੂਤ 'ਚ ਆਖ਼ਰੀ ਕਿੱਲ ਠੋਕ ਦਿੱਤਾ ਸੀ।