ਨਵੀਂ ਦਿੱਲੀ, ਏਜੰਸੀਆਂ : ਲੋਕ ਸਭਾ 'ਚ ਬੁੱਧਵਾਰ ਨੂੰ ਦਿੱਲੀ ਹਿੰਸਾ 'ਤੇ ਚਰਚਾ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਕਾਰ ਦਾ ਪੱਖ ਰੱਖਿਆ। ਸ਼ਾਹ ਨੇ ਦੱਸਿਆ ਕਿ ਦਿੱਲੀ ਹਿੰਸਾ ਦੇ ਮਾਮਲੇ 'ਚ ਹੁਣ ਤਕ 700 ਤੋਂ ਜ਼ਿਆਦਾ ਐੱਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਅਤੇ 2647 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਜਾਂ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਸ਼ਾਹ ਨੇ ਕਿਹਾ ਕਿ ਮੈਂ ਸਦਨ ਨੂੰ ਭਰੋਸਾ ਦਿੰਦਾ ਹਾਂ ਕਿ ਸਾਡੀ ਸਰਕਾਰ ਇਸ ਦੰਗੇ 'ਚ ਸ਼ਾਮਲ ਕਿਸੇ ਵੀ ਸ਼ਖ਼ਸ ਨੂੰ ਨਹੀਂ ਬਖ਼ਸ਼ੇਗੀ ਭਾਵੇਂ ਉਹ ਕਿਸੇ ਵੀ ਜਾਤ, ਧਰਮ ਜਾਂ ਪਾਰਟੀ ਦਾ ਹੋਵੇ। ਅੱਗ ਲਾਉਣ ਵਾਲਿਆਂ ਅਤੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ।


ਹਿੰਦੂ-ਮੁਸਲਮਾਨ ਕਰਨ 'ਤੇ ਲਾਈ ਫਟਕਾਰ

ਦਿੱਲੀ ਹਿੰਸਾ 'ਚ ਕਿੰਨੇ ਹਿੰਦੂ ਅਤੇ ਕਿੰਨੇ ਮੁਸਮਾਨ ਮਾਰੇ ਗਏ, ਵਰਗੇ ਬੇਤੁਕੇ ਸਵਾਲਾਂ 'ਤੇ ਕੇਂਦਰੀ ਗ੍ਰਹਿ ਮੰਤਰੀ ਨੇ ਕਰਾਰਾ ਪਲਟਵਾਰ ਕੀਤਾ। ਸ਼ਾਹ ਨੇ ਕਿਹਾ ਕਿ ਮੈਂ ਦੰਗਿਆਂ 'ਚ ਹੋਏ ਨੁਕਸਾਨ ਦਾ ਅੰਕੜਾ ਤਾਂ ਦੇ ਹੀ ਸਕਦਾ ਹਾਂ। ਇਸ 'ਚ ਸਰਕਾਰ ਹਿੰਦੂ-ਮੁਸਲਮਾਨ ਨਹੀਂ ਕਰੇਗੀ। ਕੇਂਦਰੀ ਗ੍ਰਹਿ ਮੰਤਰੀ ਨੇ ਵਿਰੋਧੀ ਸੰਸਦ ਮੈਂਬਰਾਂ ਨੂੰ ਇਸ ਮਸਲੇ 'ਤੇ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਮਾਨਯੋਗ ਮੈਂਬਰਾਨ, ਤੁਹਾਨੂੰ ਵੀ ਅਜਿਹਾ ਨਹੀਂ ਕਰਨਾ ਚਾਹੀਦਾ। ਇਹ ਕੀ ਤਰੀਕਾ ਹੈ ਕਿ ਹਿੰਸਾ 'ਚ ਕਿੰਨੇ ਮੁਸਲਮਾਨਾਂ ਦਾ ਨੁਕਸਾਨ ਹੋਇਆ ਜਾਂ ਕਿੰਨੇ ਹਿੰਦੂ ਬਰਬਾਦ ਹੋਏ। ਦੰਗਿਆਂ 'ਚ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ, ਸਾਡੀ ਨਜ਼ਰ 'ਚ ਉਹ ਸਾਰੇ ਭਾਰਤੀ ਨਾਗਰਿਕ ਹਨ।

ਹਿੰਸਾ ਭੜਕਾਉਣ ਵਾਲਿਆਂ ਨੂੰ ਪਹੁੰਚਾਏ ਗਏ ਸਨ ਪੈਸੇ

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਦਿੱਲੀ ਹਿੰਸਾ 'ਚ 52 ਭਾਰਤੀਆਂ ਦੀ ਮੌਤ ਹੋਈ ਜਦੋਂਕਿ 526 ਭਾਰਤੀ ਜ਼ਖ਼ਮੀ ਹੋਏ ਹਨ। ਹਿੰਸਾ 'ਚ 300 ਤੋਂ ਜ਼ਿਆਦਾ ਭਾਰਤੀਆਂ ਦੇ ਘਰ ਸਾੜੇ ਗਏ ਹਨ। ਅਸੀਂ ਸਦਨ ਨੂੰ ਭਰੋਸਾ ਦਿੰਦੇ ਹਾਂ ਕਿ ਆਗਜ਼ਨੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗੀ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਦਿੱਲੀ 'ਚ ਹਿੰਸਾ ਭੜਕਾਉਣ ਵਾਲਿਆਂ ਨੂੰ ਪੈਸੇ ਪਹੁੰਚਾਏ ਗਏ ਸਨ। ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਤਹਿ ਤਕ ਜਾਵਾਂਗੇ। ਹਿੰਸਾ ਦੇ ਜ਼ਿੰਮੇਵਾਰ ਲੋਕਾਂ ਨੂੰ ਹਰ ਹਾਲ 'ਚ ਬਾਹਰ ਕੱਢਾਂਗੇ। ਹਿੰਸਾ 'ਚ ਸ਼ਾਮਲ ਕਿਸੇ ਵੀ ਸਾਜ਼ਿਸ਼ਕਰਤਾ ਨੂੰ ਬਖ਼ਸ਼ਿਆ ਨਹੀਂ ਜਾਵੇਗੀ। ਇਸ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਹ ਹਿੰਸਾ ਦੇ ਪਿੱਛੇ ਦਿੱਲੀ 'ਚ ਚੱਲ ਰਹੇ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੀ ਵੀ ਭੂਮਿਕਾ ਰਹੀ ਹੈ।

Posted By: Jagjit Singh