ਜਾਗਰਣ ਬਿਊਰੋ, ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਤੋਂ ਰਾਮ ਜਨਮਭੂਮੀ 'ਤੇ ਸਰਬਸੰਮਤੀ ਨਾਲ ਆਇਆ ਫ਼ੈਸਲਾ ਮੀਲ ਪੱਥਰ ਸਾਬਤ ਹੋਵੇਗਾ। ਸ਼ਾਹ ਅਨੁਸਾਰ ਇਹ ਫ਼ੈਸਲਾ ਭਾਰਤ ਦੀ ਏਕਤਾ, ਅਖੰਡਤਾ ਤੇ ਮਹਾਨ ਸੰਸਕ੍ਰਿਤੀ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ।

ਸੁਪਰੀਮ ਕੋਰਟ ਦੇ ਫ਼ੈਸਲੇ ਪਿੱਛੋਂ ਗ੍ਰਹਿ ਮੰਤਰੀ ਨੇ ਟਵਿਟਰ 'ਤੇ ਟਿੱਪਣੀ ਕਰਦਿਆਂ ਦੇਸ਼ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਸ਼ਾਹ ਨੇ ਆਪਣੇ ਟਵੀਟ ਵਿਚ ਕਿਹਾ, 'ਮੈਂ ਸਾਰੇ ਭਾਈਚਾਰਿਆਂ ਤੇ ਧਰਮਾਂ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਇਸ ਫ਼ੈਸਲੇ ਨੂੰ ਸਹਿਜਤਾ ਨਾਲ ਸਵੀਕਾਰਦਿਆਂ ਸ਼ਾਂਤੀ ਤੇ ਸਦਭਾਵਨਾ ਨਾਲ ਪੂਰਨ ਇਕ ਭਾਰਤ ਸ੍ਰੇਸ਼ਠ ਭਾਰਤ ਦੇ ਆਪਣੇ ਸੰਕਲਪ ਪ੍ਰਤੀ ਵਚਨਬੱਧ ਰਹੀਏ।'

ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦਿਆਂ ਸ਼ਾਹ ਨੇ ਕਿਹਾ ਕਿ ਦਹਾਕਿਆਂ ਤੋਂ ਚੱਲੇ ਆ ਰਹੇ ਰਾਮ ਜਨਮਭੂਮੀ ਦੇ ਇਸ ਕਾਨੂੰਨੀ ਵਿਵਾਦ ਨੂੰ ਅੱਜ ਦੇ ਇਸ ਫ਼ੈਸਲੇ ਨਾਲ ਅੰਤਿਮ ਰੂਪ ਮਿਲਿਆ ਹੈ। ਮੈਂ ਭਾਰਤ ਦੀ ਨਿਆਂ ਪ੍ਰਣਾਲੀ ਤੇ ਸਾਰੇ ਜੱਜ ਸਾਹਿਬਾਨ ਦਾ ਸ਼ੁਕਰੀਆ ਅਦਾ ਕਰਦਾ ਹਾਂ। ਸ਼ਾਹ ਨੇ ਇਸ ਵਿਵਾਦ ਦਾ ਹੱਲ ਕੱਢਣ ਲਈ ਯਤਨ ਕਰਨ ਵਾਲੇ ਸਾਰੇ ਲੋਕਾਂ ਦਾ ਵੀ ਧੰਨਵਾਦ ਕੀਤਾ। ਸ੍ਰੀ ਰਾਮ ਜਨਮਭੂਮੀ ਕਾਨੂੰਨੀ ਵਿਵਾਦ ਲਈ ਯਤਨਸ਼ੀਲ ਰਹੀਆਂ ਸਾਰੀਆਂ ਸੰਸਥਾਵਾਂ, ਪੂਰੇ ਦੇਸ਼ ਦੇ ਸੰਤ ਸਮਾਜ ਤੇ ਅਣਗਿਣਤ ਅਣਜਾਣ ਲੋਕਾਂ ਜਿਨ੍ਹਾਂ ਨੇ ਏਨੇ ਸਾਲਾਂ ਤਕ ਇਸ ਲਈ ਯਤਨ ਕੀਤਾ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਸੁਪਰੀਮ ਕੋਰਟ ਨੇ ਆਪਣੇ ਇਤਿਹਾਸਕ ਫ਼ੈਸਲੇ ਵਿਚ ਰਾਮ ਮੰਦਰ ਬਣਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਸਰਕਾਰ ਨੂੰ ਇਸ ਲਈ ਇਕ ਟਰੱਸਟ ਬਣਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮਸਜਿਦ ਬਣਾਉਣ ਲਈ ਸੁੰਨੀ ਵਕਫ਼ ਬੋਰਡ ਨੂੰ ਪੰਜ ਏਕੜ ਜ਼ਮੀਨ ਦੇਣ ਦਾ ਫ਼ੈਸਲਾ ਵੀ ਸੁਣਾਇਆ ਹੈ। ਪੰਜ ਜੱਜਾਂ ਦੇ ਬੈਂਚ ਨੇ ਸਰਬਸੰਮਤੀ ਨਾਲ ਫ਼ੈਸਲਾ ਸੁਣਾ ਕੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਇਸ ਵਿਵਾਦ 'ਤੇ ਵਿਰਾਮ ਲਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਹਿੰਦੂਆਂ ਦੀ ਇਸ ਆਸਥਾ ਕਿ ਭਗਵਾਨ ਰਾਮ ਦਾ ਜਨਮ ਵਿਵਾਦਤ ਭੂਮੀ 'ਤੇ ਹੀ ਹੋਇਆ 'ਤੇ ਕੋਈ ਵਿਵਾਦ ਨਹੀਂ।