ਜੇਐੱਨਐੱਨ, ਏਐੱਨਆਈ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਹਤ ਖ਼ਰਾਬ ਹੋਣ ਨੂੰ ਲੈ ਕੇ ਸ਼ੋਸ਼ਲ ਮੀਡੀਆ 'ਤੇ ਅਫ਼ਵਾਹਾਂ ਚੱਲ ਰਹੀਆਂ ਹਨ। ਕੋਰੋਨਾ ਮਹਾਮਾਰੀ ਤੇ ਲਾਕਡਾਊਨ ਦੌਰ 'ਚ ਅਜਿਹੀ ਅਫ਼ਵਾਹ ਫੈਲਾਉਣ ਵਾਲਿਆਂ ਦਾ ਬਾਜ਼ਾਰ ਹੋਰ ਤੇਜ਼ ਹੋ ਗਿਆ ਹੈ। ਫੇਕ ਨਿਊਜ਼ ਫੈਲਾਉਣ ਦੇ ਦੋਸ਼ ’ਚ ਗੁਜਰਾਤ ਪੁਲਿਸ ਨੇ ਅਹਿਮਦਾਬਾਦ ’ਚ ਚਾਰ ਲੋਕਾਂ ਨੂੰ ਹਿਰਾਸਤ ’ਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਆਪਣੀ ਸਿਹਤ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਰਾਹੀਂ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਦੋਸਤਾਂ ਨੇ ਸੋਸ਼ਲ ਮੀਡੀਆ ਰਾਹੀਂ ਮੇਰੀ ਸਿਹਤ ਬਾਰੇ 'ਚ ਅਫਵਾਹਾਂ ਫੈਲਾਈਆਂ ਸਨ।

ਦੇਸ਼ ਇਸ ਸਮੇਂ ਕੋਰੋਨਾ ਵਰਗੀ ਮਹਾਮਾਰੀ ਨਾਲ ਲੜ ਰਿਹਾ ਹੈ ਤੇ ਦੇਸ਼ ਦਾ ਗ੍ਰਹਿ ਮੰਤਰੀ ਹੋਣ ਦੇ ਨਾਅਤੇ ਦੇਰ ਰਾਤ ਤਕ ਆਪਣੇ ਕੰਮਾਂ 'ਚ ਵਿਅਸਤ ਰਹਿਣ ਕਾਰਨ ਮੈਂ ਇਨ੍ਹਾਂ ਸਾਰਿਆਂ 'ਤੇ ਧਿਆਨ ਨਹੀਂ ਦਿੱਤਾ। ਜਦੋਂ ਮੇਰੇ ਨੋਟਿਸ 'ਚ ਆਇਆ ਤਾਂ ਮੈ ਸੋਚਿਆ ਕਿ ਇਹ ਸਾਰੇ ਲੋਕ ਆਪਣੀ ਕਾਲਪਨਿਕ ਸੋਚ ਦਾ ਆਨੰਦ ਲੈ ਰਹੇ ਹਨ, ਇਸ ਲਈ ਮੈਂ ਕੋਈ ਸਫਾਈ ਨਹੀਂ ਦਿੱਤੀ ਪਰ ਮੇਰੀ ਪਾਰਟੀ ਦੇ ਲੱਖਾਂ ਵਰਕਰਾਂ ਤੇ ਮੇਰੇ ਸ਼ੁੱਭਚਿੰਤਕਾਂ ਨੇ ਪਿਛਲੇ ਦੋ ਦਿਨਾਂ ਤੋਂ ਕਾਫੀ ਚਿੰਤਾ ਜਾਹਿਰ ਕੀਤੀ, ਉਨ੍ਹਾਂ ਦੀ ਚਿੰਤਾ ਨੂੰ ਮੈਂ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਸ ਲਈ ਮੈਂ ਅੱਜ ਸਪਸ਼ਟ ਕਰਨਾ ਚਾਹੁੰਦਾ ਕਿ ਮੈਂ ਪੂਰਨ ਰੂਪ ਨਾਲ ਸਿਹਤਮੰਦ ਹਾਂ ਤੇ ਮੈਨੂੰ ਕੋਈ ਬਿਮਾਰੀ ਨਹੀਂ ਹੈ।

ਹਿੰਦੂ ਮਾਨਤਾ ਮੁਤਾਬਿਕ ਅਜਿਹਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਅਫਵਾਹਾਂ ਸਿਹਤ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਇਸ ਲਈ ਮੈਂ ਅਜਿਹੇ ਲੋਕਾਂ ਤੋਂ ਆਸ਼ਾ ਕਰਦਾ ਹਾਂ ਕਿ ਉਹ ਇਹ ਬੇਕਾਰ ਦੀ ਗੱਲਾਂ ਛੱਡ ਕੇ ਮੈਨੂੰ ਮੇਰਾ ਕੰਮ ਕਰਨ ਦੇਣ ਤੇ ਆਪਣਾ ਵੀ ਕੰਮ ਕਰਨ। ਮੇਰੇ ਸ਼ੁੱਭਚਿੰਤਕਾਂ ਤੇ ਪਾਰਟੀ ਦੇ ਸਾਰੇ ਵਰਕਰਾਂ ਦਾ ਮੇਰਾ ਹਾਲਚਾਲ ਪੁੱਛਣ ਤੇ ਮੇਰੀ ਚਿੰਤਾ ਕਰਨ ਲਈ ਮੈਂ ਧੰਨਵਾਦ ਕਰਦਾ ਹਾਂ। ਜਿਨ੍ਹਾਂ ਲੋਕਾਂ ਨੇ ਇਹ ਅਫਵਾਹ ਫੈਲਾਈ ਹੈ, ਉਨ੍ਹਾਂ ਪ੍ਰਤੀ ਮੇਰੇ ਦਿਲ 'ਚ ਕੋਈ ਦੁਸ਼ਮਣੀ ਨਹੀਂ ਹੈ।

Posted By: Susheel Khanna