ਨਵੀਂ ਦਿੱਲੀ, ਜੇਐੱਨਐੱਨ: ਸਰਕਾਰ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਜਲਦ ਗੱਲਬਾਤ ਲਈ ਤਿਆਰ ਹੋ ਗਈ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅਪੀਲ ਕੀਤੀ ਹੈ ਕਿ ਕਿਸਾਨ ਧਰਨੇ ਲਈ ਨਿਰਧਾਰਿਤ ਬੁਰਾੜੀ ਸਕਿਤ ਸੰਤ ਨਿਰੰਕਾਰੀ ਮੈਦਾਨ 'ਚ ਪਹੁੰਚਣ, ਸਰਕਾਰ ਉਨ੍ਹਾਂ ਨਾਲ ਜਲਦ ਗੱਲਬਾਤ ਕਰੇਗੀ।


ਸ਼ਾਹ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਪੰਜਾਬ ਦੀ ਹੱਦ ਤੋਂ ਲੈ ਕੇ ਦਿੱਲੀ-ਹਰਿਆਣਾ ਬਾਰਡਰ 'ਤੇ ਰੋਡ 'ਤੇ ਵੱਖ-ਵੱਖ ਕਿਸਾਨ ਯੂਨੀਅਨਾਂ ਦੀ ਅਪੀਲ 'ਤੇ ਅੱਜ ਜੋ ਕਿਸਾਨ ਭਰਾ ਆਪਣਾ ਅੰਦੋਲਨ ਕਰ ਰਹੇ ਹਨ, ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਤੁਹਾਡੇ ਨਾਲ ਚਰਚਾ ਲਈ ਤਿਆਰ ਹੈ।

ਇਸ ਦਰਮਿਆਨ ਵੱਡੀ ਗਿਣਤੀ ਵਿਚ ਕਿਸਾਨ ਨਿਰੰਕਾਰੀ ਭਵਨ ਵਿਚ ਪੁੱਜਣ ਲੱਗੇ ਹਨ। ਸਮਾਜ ਸੇਵੀ ਮੇਧਾ ਪਾਟੇਕਰ ਵੀ ਉੱਥੇ ਪੁੱਜੀ। ਇਸ ਦਰਮਿਆਨ ਸਿੰਘੂ ਤੇ ਟਿਕਰੀ ਬਾਰਡਰ 'ਤੇ ਵੀ ਵੱਡੀ ਗਿਣਤੀ ਵਿਚ ਕਿਸਾਨ ਧਰਨੇ 'ਤੇ ਬੈਠੇ ਹਨ। ਸ਼ਨਿਚਰਵਾਰ ਨੂੰ ਹਾਲਾਤ ਸ਼ਾਂਤੀਪੂਰਨ ਰਹੇ ਪਰ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਲਗਾਤਾਰ ਤੀਜੇ ਦਿਨ ਦਿੱਲੀ ਦਾ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਨਾਲੋਂ ਸੜਕੀ ਸੰਪਰਕ ਟੁੱਟਾ ਰਿਹਾ। ਰਾਜਧਾਨੀ ਵਿਚ ਥਾਂ-ਥਾਂ ਜਾਮ ਲੱਗੇ ਤੇ ਲੋਕਾਂ ਨੂੰ ਪਰੇਸ਼ਾਨੀ ਪੇਸ਼ ਆਈ। ਹਾਲਾਂਕਿ ਮੈਟਰੋ ਸੇਵਾਵਾਂ ਆਮ ਵਾਂਗ ਜਾਰੀ ਰਹੀਆਂ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਜਾਰੀ ਅਪੀਲ 'ਚ ਪੂਰੇ ਮਾਮਲੇ 'ਚ ਵਿਸਥਾਰ ਨਾਲ ਰੋਸ਼ਨੀ ਪਾਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਵਿਸਥਾਰ ਵਿਚ ਗੱਲਬਾਤ ਲਈ ਕਿਸਾਨਾਂ ਦਾ ਇਕ ਵਫ਼ਦ ਤਿੰਨ ਦਸੰਬਰ ਨੂੰ ਸੱਦਿਆ ਗਿਆ ਹੈ। ਇਸ ਤੋਂ ਪਹਿਲਾਂ 13 ਨਵੰਬਰ ਨੂੰ ਵਿਸਥਾਰ ਵਿਚ ਵਿਚਾਰ-ਚਰਚਾ ਕੀਤੀ ਗਈ ਸੀ ਜਿਸ ਵਿਚ ਕੇਂਦਰੀ ਖੇਤੀ ਮੰਤਰੀ ਤੇ ਰੇਲ ਮੰਤਰੀ ਸ਼ਾਮਲ ਹੋਏ ਸਨ। ਸ਼ਾਹ ਨੇ ਕਿਹਾ ਕਿ ਕੁਝ ਦਿਨਾਂ ਤੋਂ ਦੇਸ਼ ਦੇ ਕਈ ਹਿੱਸਿਆ ਵਿਚੋਂ ਕਿਸਾਨ ਦਿੱਲੀ ਹੱਦ ਤਕ ਆਏ ਹਨ। ਪੰਜਾਬ ਤੋਂ ਆਉਣ ਵਾਲੇ ਦੋ ਪ੍ਰਮੁੱਖ ਰਾਜ ਮਾਰਗਾਂ 'ਤੇ ਦਿੱਲੀ ਦੇ ਬਾਰਡਰ ਨੇੜੇ ਇਕੱਠੇ ਹੋਏ ਹਨ। ਕਿਸਾਨਾਂ ਨੂੰ ਭਾਰੀ ਠੰਢ ਕਾਰਨ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨਾਲ ਹੀ ਆਉਣ-ਜਾਣ ਵਾਲਿਆਂ ਨੂੰ ਵੀ ਮੁਸ਼ਕਿਲ ਹੋ ਰਹੀ ਹੈ। ਸਰਕਾਰ ਨੇ ਬੁਰਾੜੀ ਵਿਚ ਇਕ ਵਿਵਸਥਾ ਕੀਤੀ ਹੈ ਜਿੱਥੇ ਕਿਸਾਨ ਪ੍ਰਦਰਸ਼ਨ ਕਰ ਸਕਦੇ ਹਨ। ਉੱਥੇ ਪਾਣੀ, ਪਖ਼ਾਨਿਆਂ ਤੇ ਡਾਕਟਰੀ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਸ਼ਾਹ ਨੇ ਕਿਹਾ ਕਿ ਕੁਝ ਕਿਸਾਨ ਯੂਨੀਅਨਾਂ ਤੇ ਕਿਸਾਨਾਂ ਦੀ ਮੰਗ ਹੈ ਕਿ ਤਿੰਨ ਦਸੰਬਰ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਜਿਉਂ ਹੀ ਤੁਸੀਂ ਬੁਰਾੜੀ ਆਓਗੇ, ਉਸ ਤੋਂ ਅਗਲੇ ਦਿਨ ਸਰਕਾਰ ਚਰਚਾ ਲਈ ਤਿਆਰ ਹੈ।

Posted By: Jagjit Singh