ਅਮੇਠੀ: ਯੂਪੀ ਦੀ ਅਮੇਠੀ ਲੋਕ ਸਭਾ ਸੀਟ 'ਤੇ ਸਮ੍ਰਿਤੀ ਈਰਾਨੀ ਦੇ ਕਰੀਬੀ ਸੁਰੇਂਦਰ ਸਿੰਘ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਬਰੌਲੀਆ ਪਿੰਡ ਦੀ ਹੈ। ਸੁਰੇਂਦਰ ਸਿੰਘ ਚੋਣ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਖ਼ਿਲਾਫ਼ ਪ੍ਰਚਾਰ ਕਰ ਰਿਹਾ ਸੀ। ਹਾਲਾਂਕਿ ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹੱਤਿਆ ਪਿੱਛੇ ਸਿਆਸੀ ਕਾਰਨ ਹੈ ਜਾਂ ਕੋਈ ਹੋਰ। ਸੁਰੇਂਦਰ ਸਿੰਘ ਸਾਬਕਾ ਪ੍ਰਧਾਨ ਸਨ। ਚੋਣ ਪ੍ਰਚਾਰ ਦੌਰਾਨ ਬਰੌਲੀਆ ਪਿੰਡ ਉਦੋਂ ਚਰਚਾ 'ਚ ਆਇਆ ਸੀ ਜਦੋਂ ਭਾਜਪਾ ਉਮੀਦਵਾਰ ਸਮ੍ਰਿਤੀ ਈਰਾਨੀ ਨੇ ਇੱਥੋ ਦੇ ਲੋਕਾਂ ਨੂੰ ਜੁੱਤੇ ਵੰਡੇ ਸਨ। ਇਸ 'ਤੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਨਾਰਾਜ਼ਗੀ ਜਤਾਈ ਸੀ। ਸੁਰੇਂਦਰ ਸਿੰਘ ਦੀ ਹੱਤਿਆ ਨੂੰ ਉਦੋਂ ਅੰਜਾਮ ਦਿੱਤਾ ਗਿਆ ਜਦੋਂ ਉਹ ਸਮ੍ਰਿਤੀ ਦੀ ਜਿੱਤ ਦਾ ਜਸ਼ਨ ਮਨਾ ਕੇ ਘਰ ਵਾਪਸ ਆ ਰਿਹਾ ਸੀ।


ਦੱਸ ਦਈਏ ਕਿ ਸਮ੍ਰਿਤੀ ਈਰਾਨੀ ਨੇ ਇਸ ਵਾਰ ਰਾਹੁਲ ਗਾਂਧੀ ਨੂੰ ਕਰੀਬ 55 ਹਜ਼ਾਰ ਵੋਟਾਂ ਨਾਲ ਹਰਾ ਕੇ ਕਾਂਗਰਸ ਦੀ ਇਹ ਰਵਾਇਤੀ ਸੀਟ ਖੋਹ ਲਈ ਸੀ। ਲੋਕ ਸਭਾ ਚੋਣਾਂ 2019 'ਚ ਕਾਂਗਰਸ ਨੂੰ ਬਹੁਤ ਬੁਰੀ ਹਾਰ ਮਿਲੀ ਹੈ। ਭਾਜਪਾ 303 ਸੀਟਾਂ 'ਤੇ ਜੇਤੂ ਰਹੀ, ਉੱਥੇ ਹੀ ਕਾਂਗਰਸ ਦਾ ਅੰਕੜਾਂ 53 'ਤੇ ਹੀ ਸਿਮਟ ਗਿਆ।

ਬੇਟੇ ਦਾ ਕਾਂਗਰਸ 'ਤੇ ਦੋਸ਼

ਸੁਰੇਂਦਰ ਸਿੰਘ ਦੇ ਬੇਟੇ ਅਭੈ ਨੇ ਇਸ ਘਟਨਾ ਬਾਰੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਦੇ ਪਿਤਾ ਘਰ ਦੇ ਬਾਹਰ ਸਨ ਅਤੇ ਉਹ ਅੰਦਰ ਮੌਜੂਦ ਸਨ। ਅਚਾਨਕ ਗੋਲ਼ੀ ਚੱਲਣ ਦੀ ਆਵਾਜ਼ ਆਈ। ਜਿਸ ਨੂੰ ਸੁਣ ਉਹ ਬਾਹਰ ਦੌੜੇ ਅਤੇ ਦੇਖਿਆ ਕਿ ਉਨ੍ਹਾਂ(ਪਿਤਾ) ਦੇ ਸਿਰ 'ਚੋਂ ਕਾਫ਼ੀ ਖ਼ੂਨ ਨਿਕਲ ਰਿਹਾ ਹੈ। ਜ਼ਿਲ੍ਹਾਂ ਹਸਪਤਾਲ ਤੋਂ ਟ੍ਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਲਖਨਊ ਜਾਂਦਿਆਂ ਉਨ੍ਹਾਂ ਦੀ ਮੌਤ ਹੋ ਗਈ। ਅਭੈ ਨੇ ਅੱਗੇ ਕਿਹਾ ਕਿ ਅਸੀਂ ਹਮਲਾਵਰਾਂ ਨੂੰ ਤਾਂ ਨਹੀਂ ਦੇਖਿਆ ਪਰ ਇੰਨਾ ਸਾਫ਼ ਹੈ ਕਿ ਇਸ 'ਚ ਕਾਂਗਰਸ ਪਾਰਟੀ ਸ਼ਾਮਲ ਹੈ।

Posted By: Akash Deep