ਜੇਐੱਨਐੱਨ, ਅੰਬਾਲਾ : ਲੜਾਕੂ ਜਹਾਜ਼ ਰਾਫੇਲ ਦੇ ਅੰਬਾਲਾ 'ਚ ਆਉਣ ਤੋਂ ਪਹਿਲਾਂ ਲਗਪਗ 51 ਏਕੜ ਜ਼ਮੀਨ ਦੀ ਭਾਲ ਕੀਤੀ ਜਾ ਰਹੀ ਹੈ। ਇਸ ਲਈ ਏਅਰਫੋਰਸ ਤੇ ਫ਼ੌਜ ਅਧਿਕਾਰੀਆਂ ਦੀ ਇਕ ਕਮੇਟੀ ਬਣਾਈ ਜਾ ਚੁੱਕੀ ਹੈ, ਜੋ ਏਅਰਫੋਰਸ ਸਟੇਸ਼ਨ ਨਾਲ ਲੱਗਦੀਆਂ ਜ਼ਮੀਨਾਂ ਦੇ ਨਿਸ਼ਾਨਦੇਹੀ ਕਰ ਰਹੀ ਹੈ। ਰਾਫੇਲ ਲਈ ਏਅਰਫੋਰਸ ਸਟੇਸ਼ਨ ਨੇੜੇ ਮਿਲਟਰੀ ਡੇਅਰੀ ਫਾਰਮ ਦੀ ਸੈਂਕੜੇ ਏਕੜ ਜ਼ਮੀਨ ਪਈ ਹੈ। ਬੋਰਡ ਨੇ ਮਿਲਟਰੀ ਡੇਅਰੀ ਫਾਰਮ ਦੀ ਜ਼ਮੀਨ 'ਚੋਂ 51 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਰੱਖਿਆ ਮੰਤਰਾਲੇ ਨੂੰ ਜਾਣਕਾਰੀ ਦਿੱਤੀ ਹੈ। ਹੁਣ ਇਹ ਫ਼ੈਸਲਾ ਰੱਖਿਆ ਮੰਤਰਾਲਾ ਕਰੇਗਾ ਕਿ ਫ਼ੌਜ ਦੀ ਇਸ ਜ਼ਮੀਨ ਨੂੰ ਹਵਾਈ ਫ਼ੌਜ ਨੂੰ ਟਰਾਂਸਫਰ ਕਰਨਾ ਹੈ ਜਾਂ ਨਹੀਂ। ਫਿਲਹਾਲ ਅੰਬਾਲਾ ਏਅਰਫੋਰਸ 'ਚ ਇਕ ਹੀ ਰਾਫੇਲ ਦੀ ਤਾਇਨਾਤੀ ਹੋਵੇਗੀ, ਜਿਸ ਲਈ ਏਅਰਫੋਰਸ ਸਟੇਸ਼ਨ ਦੇ ਅੰਦਰ ਮੁੱਢਲਾ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਲਗਪਗ ਸਵਾ ਸੌ ਕਰੋੜ ਰੁਪਏ ਦਾ ਟੈਂਡਰ ਇਕ ਕੰਪਨੀ ਨੂੰ ਦਿੱਤਾ ਜਾ ਚੁੱਕਾ ਹੈ, ਜਦਕਿ ਹੋਰ ਢਾਂਚਿਆਂ ਨੂੰ ਲੈ ਕੇ ਕੰਮ ਚੱਲ ਰਿਹਾ ਹੈ। ਇਸ ਦੌਰਾਨ ਏਅਰਫੋਰਸ ਦੇ ਅਧਿਕਾਰੀਆਂ ਨੂੰ ਮਹਿਸੂਸ ਹੋਇਆ ਕਿ ਰਾਫੇਲ ਲਈ ਕੁਝ ਹੋਰ ਜ਼ਮੀਨ ਦੀ ਜ਼ਰੂਰਤ ਪਵੇਗੀ, ਤਾਂ ਉਨ੍ਹਾਂ ਨੇ ਰੱਖਿਆ ਮੰਤਰਾਲੇ ਨਾਲ ਚਿੱਠੀ-ਪੱਤਰੀ ਕੀਤੀ, ਜਿਸ ਤੋਂ ਬਾਅਦ ਫ਼ੌਜ ਤੇ ਏਅਰਫੋਰਸ ਦੇ ਅਧਿਕਾਰੀਆਂ ਦੀ ਇਕ ਕਮੇਟੀ ਬਣਾਈ ਗਈ, ਜਿਸ ਨੇ ਏਅਰਫੋਰਸ ਦੇ ਆਲੇ-ਦੁਆਲੇ ਖਾਲੀ ਜ਼ਮੀਨ ਦੀ ਭਾਲ ਸ਼ੁਰੂ ਕੀਤੀ। ਏਅਰਫੋਰਸ ਨਾਲ ਸਿਵਲ ਏਰੀਆ ਵੀ ਕਾਫੀ ਹੈ ਪਰ ਉਥੇ ਜ਼ਮੀਨ ਲੈਣ 'ਤੇ ਐਕਵਾਇਰ ਕਰਨ ਨੂੰ ਲੈ ਕੇ ਲੰਬੀ ਪ੍ਰਕਿਰਿਆ 'ਚੋਂ ਲੰਘਣਾ ਪੈਂਦਾ ਹੈ। ਇਸ ਲਈ ਕਮੇਟੀ ਨੇ ਫ਼ੌਜ ਦੀ ਹੀ ਖਾਲੀ ਜ਼ਮੀਨ ਨੂੰ ਤਰਜੀਹ ਦਿੱਤੀ।