ਨਵੀਂ ਦਿੱਲੀ : ਆਲੋਕ ਵਰਮਾ ਨੂੰ ਵੀਰਵਾਰ ਸ਼ਾਮ ਸੀਬੀਆਈ ਨਿਰਦੇਸ਼ਕ ਦੇ ਅਹੁਦੇ ਤੋਂ ਹਟਾਉਣ ਵਾਲੀ ਚੋਣ ਕਮੇਟੀ 'ਚ ਚੀਫ ਜਸਟਿਸ ਦੇ ਪ੍ਰਤੀਨਿਧੀ ਦੇ ਰੂਪ ਵਿਚ ਜਸਟਿਸ ਅਰਜਨ ਕੁਮਾਰ ਸੀਕਰੀ ਵੀ ਸ਼ਾਮਲ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਆਲੋਕ ਵਰਮਾ ਖ਼ਿਲਾਫ਼ ਲੱਗੇ ਕੁਝ ਗੰਭੀਰ ਦੋਸ਼ਾਂ ਵਿਚ ਉਹ ਪਹਿਲੀ ਨਜ਼ਰੇ ਦੋਸ਼ੀ ਹਨ। ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਕਿ ਸਮੇਂ ਦਿੱਲੀ ਹਾਈ ਕੋਰਟ ਵਿਚ ਉਨ੍ਹਾਂ ਦੇ ਸਹਿਕਰਮੀ ਸਨ। ਕਾਟਜੂ ਉਥੇ ਚੀਫ ਜਸਟਿਸ ਸਨ ਅਤੇ ਉਸ ਸਮੇਂ ਜਸਟਿਸ ਸੀਕਰੀ ਉਥੇ ਜੱਜ ਸਨ। ਕਾਟਜੂ ਨੇ ਇਕ ਫੇਸਬੁੱਕ ਪੋਸਟ ਵਿਚ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਨ੍ਹਾਂ ਜਸਟਿਸ ਸੀਕਰੀ ਨੂੰ ਫੋਨ ਕੀਤਾ ਅਤੇ ਉਨ੍ਹਾਂ ਤੋਂ ਪੁੱਿਛਆ ਕਿ ਵੀਰਵਾਰ ਸ਼ਾਮ ਤਿੰਨ ਮੈਂਬਰੀ ਚੋਣ ਕਮੇਟੀ ਦੀ ਮੀਟਿੰਗ ਵਿਚ ਕੀ ਹੋਇਆ। ਇਸ ਕਮੇਟੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਵਿਚ ਸਭ ਤੋਂ ਵੱਡੇ ਵਿਰੋਧੀ ਦਲ ਦੇ ਆਗੂ ਮਲਿਕਾਰੁਜਨ ਖੜਗੇ ਸ਼ਾਮਲ ਸਨ। ਕਾਟਜੂ ਮੁਤਾਬਕ ਜਸਟਿਸ ਸੀਕਰੀ ਨੇ ਦੱਸਿਆ ਕਿ ਕੇਂਦਰੀ ਚੌਕਸੀ ਕਮਿਸ਼ਨ (ਸੀਵੀਸੀ) ਨੇ ਕੁਝ ਗੰਭੀਰ ਦੋਸ਼ਾਂ 'ਤੇ ਆਲੋਕ ਵਰਮਾ ਨੂੰ ਪਹਿਲੀ ਨਜ਼ਰੇ ਦੋਸ਼ੀ ਪਾਇਆ ਸੀ। ਸੀਵੀਸੀ ਆਲੋਕ ਵਰਮਾ ਦਾ ਪੱਖ ਸੁਣਨ ਦੇ ਬਾਅਦ ਹੀ ਇਸ ਨਤੀਜੇ 'ਤੇ ਪੁੱਜੀ ਸੀ। ਗੰਭੀਰ ਦੋਸ਼ਾਂ 'ਤੇ ਪਹਿਲੀ ਨਜ਼ਰੇ ਦੋਸ਼ੀ ਪਾਏ ਜਾਣ ਦੇ ਮੱਦੇਨਜ਼ਰ ਹੀ ਜਸਟਿਸ ਸੀਕਰੀ ਦਾ ਮੰਨਣਾ ਸੀ ਕਿ ਜਦੋਂ ਤਕ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਨਾ ਹੋ ਜਾਵੇ ਆਲੋਕ ਵਰਮਾ ਨੂੰ ਸੀਬੀਆਈ ਨਿਰਦੇਸ਼ਕ ਦੇ ਅਹੁਦੇ 'ਤੇ ਨਹੀਂ ਰਹਿਣਾ ਚਾਹੀਦਾ।

ਕਾਟਜੂ ਨੇ ਆਪਣੀ ਫੇਸਬੁੱਕ ਪੋਸਟ ਵਿਚ ਇਸ ਗੱਲ ਦਾ ਵੀ ਜਵਾਬ ਦਿੱਤਾ ਹੈ ਕਿ ਆਲੋਕ ਵਰਮਾ ਨੂੰ ਹਟਾਉਣ ਤੋਂ ਪਹਿਲੇ ਚੋਣ ਕਮੇਟੀ ਨੇ ਉਨ੍ਹਾਂ ਦਾ ਪੱਖ ਕਿਉਂ ਨਹੀਂ ਸੁਣਿਆ। ਕਾਟਜੂ ਲਿਖਦੇ ਹਨ ਕਿ ਇਹ ਸਥਾਪਿਤ ਸਿਧਾਂਤ ਹੈ ਕਿ ਦੋਸ਼ੀ ਨੂੰ ਬਿਨਾਂ ਸੁਣਵਾਈ ਕੀਤੇ ਮੁਅੱਤਲ ਕੀਤਾ ਜਾ ਸਕਦਾ ਹੈ ਅਤੇ ਮੁਅੱਤਲੀ ਜਾਰੀ ਰਹਿੰਦੇ ਹੋਏ ਜਾਂਚ ਬੇਹੱਦ ਸਾਧਾਰਨ ਗੱਲ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਨੇ ਗੱਲਬਾਤ ਨੂੰ ਸਰਵਜਨਿਕ ਕਰਨ ਲਈ ਜਸਟਿਸ ਸੀਕਰੀ ਤੋਂ ਇਜਾਜ਼ਤ ਲੈ ਲਈ ਸੀ।