ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤ ਨੇ ਪਿਛਲੇ ਸਾਲ ਜਿਸ ਤਰ੍ਹਾਂ ਨਾਲ ਪੂਰੀ ਦੁਨੀਆ ਨੂੰ ਕੋਰੋਨਾ ਮਹਾਮਾਰੀ ਨਾਲ ਲੜਨ 'ਚ ਮਦਦ ਪਹੁੰਚਾਈ ਸੀ, ਉਸਦਾ ਫਲ ਹੁਣ ਮਿਲਦਾ ਦਿਸ ਰਿਹਾ ਹੈ। ਵਿਦੇਸ਼ਾਂ ਤੋਂ ਭਾਰਤ ਨੂੰ ਮਦਦ ਦੇਣ ਦੀ ਮੁਹਿੰਮ ਜ਼ਬਰਦਸਤ ਰਫ਼ਤਾਰ ਫੜ ਚੁੱਕੀ ਹੈ। ਪਿਛਲੇ 24 ਘੰਟਿਆਂ ਦੇ ਅੰਦਰ ਦੇਸ਼ ਦੇ ਵੱਖ ਵੱਖ ਹਵਾਈ ਅੱਡਿਆਂ 'ਤੇ ਇਜ਼ਰਾਈਲ, ਜਾਪਾਨ, ਆਸਟ੍ਰੀਆ, ਚੈੱਕ ਰਿਪਬਲਿਕ, ਕਤਰ, ਕੈਨੇਡਾ, ਥਾਈਲੈਂਡ ਤੋਂ ਸੈਂਕੜੇ ਆਕਸੀਜਨ ਕੰਸਨਟ੍ਰੇਟਰ, ਆਕਸੀਜਨ ਸਿਲੰਡਰ, ਜੀਵਨ ਰੱਖਿਅਕ ਦਵਾਈ ਰੈਮਡੇਸਿਵਿਰ ਤੇ ਦੂਜੀ ਮੈਡੀਕਲ ਸਮੱਗਰੀਆਂ ਨੂੰ ਉਤਾਰਿਆ ਗਿਆ ਹੈ। ਭਾਰਤੀ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਵਿਦੇਸ਼ ਤੋਂ ਆਉਣ ਵਾਲੀ ਮਦਦ ਨੂੰ ਘੱਟੋ ਘੱਟ ਸਮੇਂ 'ਚ ਰਸਮਾਂ ਪੂਰੀਆਂ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਤੇਜ਼ੀ ਦੀ ਹਾਲਤ ਇਹ ਹੈ ਕਿ ਕਈ ਉਪਕਰਨ ਤੇ ਮਸ਼ੀਨਾਂ ਏਅਰਪੋਰਟ ਤੋਂ ਸਿੱਧੇ ਹੀ ਉਨ੍ਹਾਂ ਥਾਵਾਂ 'ਤੇ ਰਵਾਨਾ ਕਰ ਦਿੱਤਾ ਜਾ ਰਿਹਾ ਹੈ, ਜਿੱਥੇ ਇਸ ਦੀ ਜ਼ਰੂਰਤ ਹੈ।