ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਦੇ ਵਧਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਮੁੜ ਤੋਂ ਤਾਲਾਬੰਦੀ ਸ਼ੁਰੂ ਹੋ ਗਈ ਹੈ। ਕੇਂਦਰੀ ਸੰਸਕ੍ਰਿਤੀ ਮੰਤਰਾਲੇ ਨੇ ਇਸ ਨਾਲ ਜੁੜਿਆ ਇਕ ਵੱਡਾ ਫ਼ੈਸਲਾ ਲਿਆ। ਇਸ ਨੇ ਤਾਜ ਮਹਿਲ ਸਮੇਤ ਏਐੱਸਆਈ ਨਾਲ ਜੁੜੀਆਂ ਦੇਸ਼ ਭਰ ਦੀਆਂ 3,600 ਤੋਂ ਜ਼ਿਆਦਾ ਯਾਦਗਾਰਾਂ ਨੂੰ ਫ਼ੌਰੀ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਜੂਦ ਕਰੀਬ 50 ਰਾਸ਼ਟਰੀ ਮਿਊਜ਼ੀਅਮਾਂ ਨੂੰ ਵੀ ਸੈਲਾਨੀਆਂ ਦੀ ਆਵਾਜਾਈ ਲਈ ਤੁਰੰਤ ਬੰਦ ਕਰ ਦਿੱਤਾ ਗਿਆ ਹੈ। ਫ਼ਿਲਹਾਲ ਇਹ ਸਾਰੇ 15 ਮਈ ਤਕ ਬੰਦ ਰਹਿਣਗੇ। ਵੈਸੇ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਅਜਿਹੀ ਕਿਸੇ ਯਾਦਗਾਰ ਵਿਚ ਜੇਕਰ ਕਿਤੇ ਪੂਜਾ ਅਰਚਨਾ ਹੁੰਦੀ ਹੈ ਤਾਂ ਉਹ ਜਾਰੀ ਰਹੇਗੀ ਪਰ ਸ਼ਰਧਾਲੂਆਂ ਨੂੰ ਮੰਦਰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਏਐੱਸਆਈ ਤਹਿਤ 3693 ਯਾਦਗਾਰਾਂ ਆਉਂਦੀਆਂ ਹਨ ਜਿਨ੍ਹਾਂ ਵਿਚੋਂ 174 ਸਿਰਫ਼ ਦਿੱਲੀ 'ਚ ਹਨ। ਦੇਸ਼ ਭਰ 'ਚ 143 ਯਾਦਗਾਰਾਂ 'ਚ ਟਿਕਟ ਲਗਦੀ ਹੈ। ਇਨ੍ਹਾਂ ਵਿਚ ਦਿੱਲੀ 'ਚ ਟਿਕਟ ਵਾਲੀਆਂ 11 ਯਾਦਗਾਰਾਂ ਸ਼ਾਮਲ ਹਨ। ਦਿੱਲੀ 'ਚ ਜਿਹੜੀਆਂ ਯਾਦਗਾਰਾਂ 'ਚ ਟਿਕਟ ਲਗਦੀ ਹੈ, ਉਨ੍ਹਾਂ ਵਿਚ ਵਿਸ਼ਵ ਧਰੋਹਰ ਲਾਲ ਕਿਲ੍ਹਾ, ਤਾਜ ਮਹਿਲ, ਕੁਤੁਬਮੀਨਾਰ, ਹੁਮਾਯੂੰ ਦਾ ਮਕਬਰਾ ਸਮੇਤ ਕੌਮੀ ਯਾਦਗਾਰਾਂ ਪੁਰਾਣਾ ਕਿਲ੍ਹਾ, ਖਾਨ-ਏ-ਖਾਨਾ ਦਾ ਮਕਬਰਾ, ਕੋਟਲਾ ਫਿਰੋਜ਼ਸ਼ਾਹ, ਜੰਤਰ ਮੰਤਰ, ਸਫਦਰਜੰਗ ਦਾ ਮਕਬਰਾ, ਹੌਜਖਾਸ ਕੰਪਲੈਕਸ ਤੇ ਤੁਗਲਕਾਬਾਦ ਦਾ ਕਿਲ੍ਹਾ ਆਦਿ ਸ਼ਾਮਲ ਹਨ। ਲਾਕਡਾਊਨ ਤੋਂ ਪਹਿਲੇ ਸਾਲ ਯਾਨੀ 2019 ਤਕ ਪ੍ਰਮੁੱਖ ਯਾਦਗਾਰਾਂ 'ਚ ਹਰ ਸਾਲ ਲੱਖਾਂ ਸੈਲਾਨੀ ਪਹੁੰਚਦੇ ਰਹੇ ਹਨ।

ਕੇਂਦਰੀ ਸੰਸਕ੍ਰਿਤੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੋਰੋਨਾ ਇਨਫੈਕਸ਼ਨ ਦੀ ਰਫ਼ਤਾਰ ਜਿਸ ਤਰ੍ਹਾਂ ਨਾਲ ਤੇਜ਼ ਹੋਈ ਹੈ, ਅਜਿਹੇ ਵਿਚ ਸੁਰੱਖਿਆ ਕਾਰਨਾਂ ਕਾਰਨ ਸੈਲਾਨੀਆਂ ਦੀ ਆਵਾਜਾਈ ਨਾਲ ਜੁੜੇ ਇਨ੍ਹਾਂ ਸਥਾਨਾਂ ਨੂੰ ਤੁਰੰਤ ਬੰਦ ਕਰਨਾ ਜ਼ਰੂਰੀ ਹੋ ਗਿਆ ਸੀ। ਖ਼ਾਸ ਗੱਲ ਇਹ ਹੈ ਕਿ ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਇਹ ਸਾਰੇ ਸੈਰ-ਸਪਾਟਾ ਸਥਾਨ ਜਿਵੇਂ-ਤਿਵੇਂ ਖੁੱਲ੍ਹੇ ਸਨ। ਨਾਲ ਹੀ ਇਨ੍ਹਾਂ ਵਿਚ ਸੈਲਾਨੀਆਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ ਸੀ, ਪਰ ਕੋਰੋਨਾ ਦੀ ਇਸ ਨਵੀਂ ਲਹਿਰ ਨੇ ਫਿਰ ਤੋਂ ਸੈਰ-ਸਪਾਟਾ ਸਰਗਰਮੀਆਂ ਨੂੰ ਪਹਿਲਾਂ ਵਾਲੀ ਸਥਿਤੀ ਵਿਚ ਪਹੁੰਚਾ ਦਿੱਤਾ ਹੈ।

Posted By: Seema Anand