ਜਾਸ, ਪਟਨਾ ਸਿਟੀ : ਤਖ਼ਤ ਸ੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਦੀ ਕਈ ਘੰਟੇ ਚੱਲੀ ਬੈਠਕ ’ਚ ਵਿੱਤੀ ਵਰ੍ਹੇ 2023-24 ਲਈ 36 ਕਰੋੜ 80 ਲੱਖ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ। ਬੈਠਕ ਦੀ ਪ੍ਰਧਾਨਗੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਕੀਤੀ। ਤਖ਼ਤ ਸ੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪੰਜ ਹਲਕਿਆਂ ਦੀ ਵੋਟਰ ਸੂਚੀ ਤਿਆਰ ਕਰਨ ਲਈ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਲਿਆ ਗਿਆ। ਬੈਠਕ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਬਾਹਰ ਮੈਜਿਸਟ੍ਰੇਟ, ਤਿੰਨ ਥਾਣਾ ਮੁਖੀ ਤੇ ਤਿੰਨ ਦਰਜਨ ਤੋਂ ਜ਼ਿਆਦਾ ਹਥਿਆਰਬੰਦ ਬਲ ਤਾਇਨਾਤ ਸਨ।

ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਬੱਸ ਖ਼ਰੀਦੀ ਜਾਵੇਗੀ। ਬਿਹਾਰ ’ਚ ਸਾਰੇ ਗੁਰਦੁਆਰਿਆਂ ਨੂੰ ਸਿੱਖ ਸਰਕਟ ਨਾਲ ਜੋੜਿਆ ਜਾਵੇਗਾ। ਨਵਾਦਾ ਦੇ ਰਜੌਲੀ ਤੇ ਬਿਹਾਰਸ਼ਰੀਫ਼ ਦੇ ਗੁਰਦੁਆਰੇ ਨੂੰ ਹੋਰ ਵਧੀਆ ਬਣਾਇਆ ਜਾਵੇਗਾ। ਗੁਰੂ ਕਾ ਬਾਗ਼ ’ਚ ਲੰਗਰ ਹਾਲ, ਪਖਾਨੇ ਅਤੇ ਸਰੋਵਰ ਦੀ ਸਫ਼ਾਈ ਕਰਵਾਈ ਜਾਵੇਗੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਗੁਰੂ ਕਾ ਬਾਗ਼ ਦਾ ਸੁੰਦਰੀਕਰਨ ਕਰਵਾਉਣ ਦੀ ਅਪੀਲ ਕੀਤੀ ਗਈ। ਜੌਹਰੀ ਨਿਵਾਸ ਅਤੇ ਬਾਲਾ ਪ੍ਰੀਤਮ ਨਿਵਾਸ ’ਚ ਲਿਫਟ ਲਾਈ ਜਾਵੇਗੀ। ਸੰਗਤ ਦੀ ਸਹੂਲਤ ਲਈ ਕਮਰੇ ਬਣਵਾਏ ਜਾ ਰਹੇ ਹਨ।

Posted By: Seema Anand