ਜੇਐੱਨਐੱਨ, ਹੈਦਰਾਬਾਦ : ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਉਸ ਦੀ ਬਰਹਿਮੀ ਨਾਲ ਹੱਤਿਆ ਦੇ ਮਾਮਲੇ 'ਚ ਹੈਰਾਨਕੁੰਨ ਮੋੜ ਆ ਗਿਆ ਹੈ। ਤੇਲੰਗਾਨਾ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਇਸ ਮਾਮਲੇ ਦੇ ਸਾਰੇ ਚਾਰਾਂ ਮੁਲਜ਼ਮਾਂ ਨੂੰ ਐਨਕਾਊਂਟਰ 'ਚ ਮਾਰ ਮੁਕਾਇਆ। ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਪੁਲਿਸ ਕ੍ਰਾਈਮ ਸੀਨ ਰੀਕ੍ਰਿਏਟ ਕਰਨ ਲਈ ਮੁਲਜ਼ਮਾਂ ਨੂੰ ਮੌਕਾ-ਏ-ਵਾਰਦਾਤ (ਨੈਸ਼ਨਲ ਹਾਈਵੇ-44) 'ਤੇ ਲੈ ਗਈ ਸੀ ਪਰ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਤੁਰੰਤ ਫਾਇਰਿੰਗ ਕੀਤੀ ਜਿਸ ਵਿਚ ਸਾਰੇ ਮੁਲਜ਼ਮ ਮਾਰੇ ਗਏ।

ਰਿਪੋਰਟਾਂ 'ਚ ਪੁਲਿਸ ਕਮਿਸ਼ਨਰ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਤੇਲੰਗਾਨਾ ਪੁਲਿਸ ਚਾਰਾਂ ਮੁਲਜ਼ਮਾਂ ਨੂੰ ਉਸ ਫਲਾਈਓਵਰ ਹੇਠਾਂ ਲਿਆਈ ਸੀ ਜਿੱਥੇ ਉਨ੍ਹਾਂ ਪੀੜਤਾ ਨੂੰ ਅੱਗ ਦੇ ਹਵਾਲੇ ਕੀਤਾ ਸੀ। ਉਸ ਜਗ੍ਹਾ 'ਤੇ ਕ੍ਰਾਈਮ ਸੀਨ ਰੀਕ੍ਰਿਏਟ ਕੀਤਾ ਜਾ ਰਿਹਾ ਸੀ, ਉਦੋਂ ਹੀ ਚਾਰੋ ਮੁਲਜ਼ਮ ਭੱਜਣ ਲੱਗੇ। ਪੁਲਿਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਤੇ ਤੁਰੰਤ ਕਾਰਵਾਈ ਕਰਦੇ ਹੋਏ ਗੋਲ਼ੀਆਂ ਚਲਾਈਆਂ ਜਿਸ ਵਿਚ ਸਾਰੇ ਮੁਲਜ਼ਮ ਮਾਰੇ ਗਏ।

ਦੱਸ ਦੇਈਏ ਕਿ 27-28 ਨਵੰਬਰ ਦੀ ਦਰਮਿਆਨੀ ਰਾਤ ਹੈਦਰਾਬਾਦ 'ਚ 27 ਸਾਲ ਦੀ ਮਹਿਲਾ ਡਾਕਟਰ ਨਾਲ ਇਨ੍ਹਾਂ ਦਰਿੰਦਿਆਂ ਨੇ ਹੈਵਾਨੀਅਤ ਕੀਤੀ ਸੀ। ਰਿਪੋਰਟਾਂ ਮੁਤਾਬਿਕ, ਸ਼ਰਾਬ ਪੀਂਦੇ ਹੋਏ ਇਨ੍ਹਾਂ ਮੁਲਜ਼ਮਾਂ ਨੇ ਡਾਕਟਰ ਨੂੰ ਸਕੂਟੀ ਪਾਰਕ ਕਰਦਿਆਂ ਦੇਖ ਉਸ ਨਾਲ ਹੈਵਾਨੀਅਤ ਦੀ ਯੋਜਨਾ ਬਣਾਈ ਸੀ। ਪਰਿਵਾਰਕ ਮੈਂਬਰਾਂ ਮੁਤਾਬਿਕ ਹੈਵਾਨਾਂ ਨੇ ਸਭ ਤੋਂ ਪਹਿਲਾਂ ਸਕੂਟੀ ਦੀ ਹਵਾ ਕੱਢ ਕੇ ਮਦਦ ਦਾ ਬਹਾਨਾ ਕੀਤਾ ਤੇ ਫਿਰ ਉਸ ਦਾ ਮੋਬਾਈਲ ਖੋਹ ਲਿਆ। ਇਸ ਤੋਂ ਬਾਅਦ ਉਨ੍ਹਾਂ ਪੀੜਤਾ ਨਾਲ ਵਾਰੀ-ਵਾਰੀ ਦਰਿੰਦਗੀ ਕੀਤੀ ਤੇ ਗਲ਼ਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ।

ਰਿਪੋਰਟਾਂ ਮੁਤਾਬਿਕ, ਮੁਲਜ਼ਮ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਪੀੜਤਾ ਦੀ ਹੱਤਿਆ ਤੋਂ ਬਾਅਦ ਉਸ ਦੀ ਲਾਸ਼ ਨੂੰ ਟਰੱਕ 'ਚ ਰੱਖ ਕੇ ਟੋਲ ਬੂਥ ਨੇੜੇ 25 ਕਿਲੋਮੀਟਰ ਦੂਰ ਕ ਓਵਰਬ੍ਰਿਜ ਦੇ ਹੇਠਾਂ ਸੁੱਟਿਆ, ਪੈਟਰੋਲ ਛਿੜਕ ਕੇ ਅੱਗ ਦੇ ਹਵਾਲੇ ਕਰ ਦਿੱਤਾ। ਜਾਨਵਰਾਂ ਦੀ ਡਾਕਟਰ ਨਾਲ ਸਮੂਹਕ ਜਬਰ ਜਨਾਹ ਤੇ ਉਸ ਨਾਲ ਹੋਏ ਵਹਿਸ਼ੀਪੁਣੇ ਦੀ ਵਾਰਦਾਤ ਨਾਲ ਪੂਰੇ ਦੇਸ਼ "ਚ ਉਬਾਲ ਸੀ। ਸੜਕ ਤੋਂ ਸੰਸਦ ਤਕ ਜਲਦ ਤੋਂ ਜਲਦ ਇਨਸਾਫ਼ ਦਿੱਤੇ ਜਾਣ ਦੀ ਮੰਗ ਉੱਠ ਰਹੀ ਸੀ।

ਪਿਤਾ ਬੋਲੇ- ਮੇਰੀ ਧੀ ਦੀ ਆਤਮਾ ਨੂੰ ਹੁਣ ਸ਼ਾਂਤੀ ਮਿਲੇਗੀ

ਇਸੇ ਦੌਰਾਨ ਪੀੜਤਾ ਦੇ ਚਾਚਾ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਨਿਆਂ ਤੁਰੰਤ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ 'ਚ ਅਪਰਾਧ ਪ੍ਰਤੀ ਡਰ ਹੋਵੇ। ਉੱਥੇ ਹੀ ਪੀੜਤਾ ਦੇ ਪਿਤਾ ਨੇ ਕਿਹਾ, 'ਮੈਂ ਇਸ ਦੇ ਲਈ ਪੁਲਿਸ ਤੇ ਸਰਕਾਰ ਦਾ ਸ਼ੁਕਰਗੁਜ਼ਾਰ ਹਾਂ। ਮੇਰੇ ਧੀ ਦੀ ਆਤਮਾ ਨੂੰ ਹੁਣ ਸ਼ਾਂਤੀ ਮਿਲੇਗੀ।'

Posted By: Seema Anand