ਜੇਐੱਨਐੱਨ, ਨਵੀਂ ਦਿੱਲੀ : ਕਾਂਗਰਸੀ ਆਗੂ ਤੇ ਦਿੱਲੀ ਦੀ ਚਾਂਦਨੀ ਚੌਕ ਸੀਟ ਤੋਂ ਸਾਬਕਾ ਵਿਧਾਇਕਾ ਅਲਕਾ ਲਾਂਬਾ ਇਕ ਵਾਰ ਫਿਰ ਚਰਚਾ 'ਚ ਹੈ। ਇਸ ਵਾਰ ਵੀ ਉਨ੍ਹਾਂ ਦਾ ਚਰਚਾ 'ਚ ਆਉਣਾ ਰਾਜਨੀਤਕ ਹੈ। ਹੋਇਆ ਇਹ ਕਿ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਤੋਂ ਭਾਜਪਾ ਵਿਧਾਇਕ ਰਾਜੇਂਦਰ ਸ਼ੁਕਲਾ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਤੋਂ ਮਜ਼ਦੂਰਾਂ ਨੂੰ ਲਿਆਉਣ ਲਈ ਮਦਦ ਮੰਗੀ ਤਾਂ ਇਸ 'ਤੇ ਅਲਕਾ ਲਾਂਬਾ ਭੜਕ ਗਈ। ਅਲਕਾ ਲਾਂਬਾ ਨੇ ਟਵੀਟ ਕਰਦਿਆਂ ਕਿਹਾ ਕਿ ਦੇਸ਼ ਤੇ ਸੂਬੇ 'ਚ ਇਨ੍ਹਾਂ ਦੀ ਹੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਵੀ ਇਹ ਸੋਨੂੰ ਸੂਦ ਤੋਂ ਮਦਦ ਮੰਗ ਰਹੇ ਹਨ। ਨਾਰਾਜ਼ ਅਲਕਾ ਲਾਂਬਾ ਨੇ ਤਾਂ ਅਸਤੀਫ਼ਾ ਤਕ ਮੰਗ ਲਿਆ।

ਇਹ ਹੈ ਪੂਰਾ ਮਾਮਲਾ

ਦੱਸ ਦੇਈਏ ਕਿ ਦੇਸ਼ ਭਰ 'ਚ ਹਾਲੇ ਵੀ ਮਜ਼ਦੂਰ ਜਿੱਥੇ ਫਸੇ ਹੋਏ ਹਨ, ਬਾਲੀਵੁੱਡ ਅਦਾਕਾਰ ਸੋਨੂੰ ਸੂਦ ਉਨ੍ਹਾਂ ਨੂੰ ਆਪਣੇ ਪੈਸੇ 'ਤੇ ਘਰ ਭਿਜਵਾ ਰਹੇ ਹਨ। ਇਸ ਕਾਰਜ ਲਈ ਉਨ੍ਹਾਂ ਦੀ ਖ਼ੂਬ ਤਾਰੀਫ਼ ਵੀ ਹੋ ਰਹੀ ਹੈ। ਰੀਵਾ ਤੋਂ ਭਾਜਪਾ ਵਿਧਾਇਕ ਰਾਜੇਂਦਰ ਸ਼ੁਕਲਾ ਨੇ ਵੀ ਟਵੀਟ ਰਾਹੀਂ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਤੋਂ ਮਜ਼ਦੂਰਾਂ ਨੂੰ ਲਿਆਉਣ ਲਈ ਮਦਦ ਮੰਗੀ ਹੈ। ਟਵੀਟ 'ਚ ਵਿਧਾਇਕ ਨੇ ਮੁੰਬਈ 'ਚ ਫਸੇ ਮੱਧ ਪ੍ਰਦੇਸ਼ ਦੇ ਰੀਵਾ ਤੇ ਸਤਨਾ ਜ਼ਿਲ੍ਹੇ ਦੇ ਨਿਵਾਸੀਆਂ ਦੀ ਸੂਚੀ ਬਣਾ ਕੇ ਸੋਨੂੰ ਨੂੰ ਮਦਦ ਦੀ ਅਪੀਲ ਕੀਤੀ ਹੈ।

ਇਸ ਤੋਂ ਨਾਰਾਜ਼ ਅਲਕਾ ਲਾਂਬਾ ਨੇ ਭਾਜਪਾ ਵਿਧਾਇਕ ਦੇ ਟਵੀਟ ਦਾ ਸਕ੍ਰੀਨਸ਼ਾਟ ਸ਼ੇਅਰ ਕਰਦਿਆਂ ਟਵੀਟ ਕੀਤਾ ਹੈ- 'ਅੱਖਾਂ 'ਤੇ ਯਕੀਨ ਨਹੀਂ ਹੁੰਦਾ ਕਿ ਜੋ ਖ਼ੁਦ ਵਿਧਾਇਕ ਤੇ ਪਹਿਲਾਂ ਮੰਤਰੀ ਵੀ ਰਿਹਾ, ਮੱਧ ਪ੍ਰਦੇਸ਼ ਤੇ ਦੇਸ਼ 'ਚ ਇਨ੍ਹਾਂ ਦੀ ਸਰਕਾਰ ਹੈ, ਮੁੱਖ ਮੰਤਰੀ/ਪ੍ਰਧਾਨ ਮੰਤਰੀ ਇਨ੍ਹਾਂ ਦੀ ਪਾਰਟੀ ਦੇ ਹੈ, ਮਹਾਰਾਸ਼ਟਰ 'ਚ ਵੀ ਇਨ੍ਹਾਂ ਦੇ ਸੰਸਦ ਮੈਂਬਰ ਤੇ ਵਿਧਾਇਕ ਹਨ, ਫਿਰ ਵੀ ਸੋਨੂੰ ਸੂਦ ਮਦਦ ਤੋਂ ਮੰਗ ਰਹੇ ਹਨ, ਥੋੜ੍ਹੀ ਜਿਹੀ ਵੀ ਸ਼ਰਮ ਹੋਵੇ ਤਾਂ ਅਸਤੀਫ਼ਾ ਦੇ ਕੇ ਘਰ ਬੈਠ ਜਾਓ, ਬਿਹਤਰ ਹੋਵੇਗਾ।'

ਦੱਸ ਦੇਈਏ ਕਿ ਅਲਕਾ ਲਾਂਬਾ ਨੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਸੀਐੱਮ ਯੋਗੀ ਆਦਿੱਤਿਆਨਾਥ 'ਤੇ ਕੁਮੈਂਟ ਕੀਤਾ ਸੀ। ਇਸ 'ਤੇ ਉਨ੍ਹਾਂ ਖ਼ਿਲਾਫ਼ ਲਖਨਊ 'ਚ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ।

Posted By: Amita Verma