ਸ੍ਰੀਨਗਰ: ਕਸ਼ਮੀਰ 'ਚ ਖ਼ਾਸਕਰ ਗਰਮ ਰੁੱਤ ਦੀ ਰਾਜਧਾਨੀ 'ਚ ਐਤਵਾਰ ਨੂੰ ਪੁਲਵਾਮਾ ਹਮਲਾ ਦੁਹਰਾਉਣ ਦੇ ਖਦਸ਼ੇ ਕਾਰਨ ਸੁਰੱਖਿਆ ਏਜੰਸੀਆਂ ਲਈ ਅਲਰਟ ਜਾਰੀ ਕੀਤਾ ਗਿਆ। ਪ੍ਰਸ਼ਾਸਨ ਨੇ ਕੁਝ ਦੇਰ ਲਈ ਇੰਟਰਨੈੱਟ ਸੇਵਾਵਾਂ ਬੰਦ ਰੱਖੀਆਂ। ਫਿਲਹਾਲ ਧਮਾਕੇ ਲਈ ਇਸਤੇਮਾਲ ਕੀਤੇ ਜਾਣ ਵਾਲੇ ਵਾਹਨ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਮੋਟਰਸਾਈਕਲ ਹੋ ਸਕਦਾ ਹੈ, ਦਾ ਪਤਾ ਲਗਾਉਣ ਲਈ ਵਿਸ਼ੇਸ਼ ਦਲ ਬਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਅੱਤਵਾਦੀਆਂ ਨੇ ਸ੍ਰੀਨਗਰ-ਜੰਮੂ ਹਾਈਵੇਅ 'ਤੇ ਲਿਤਪੋਰਾ 'ਚ ਸੀਆਰਪੀਐੱਫ ਕਾਫ਼ਿਲੇ 'ਤੇ ਕਾਰ ਬੰਬ ਨਾਲ ਹਮਲਾ ਕੀਤਾ ਸੀ। ਹਮਲੇ 'ਚ ਸੀਆਰਪੀਐੱਫ ਦੇ ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਮਾਰਚ ਦੇ ਅੰਤ 'ਚ ਅੱਤਵਾਦੀਆਂ ਨੇ ਬਨਿਹਾਲ ਕੋਲ ਕਾਰ ਬੰਬ ਜ਼ਰੀਏ ਸੀਆਰਪੀਐੱਫ ਕਾਫ਼ਿਲੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਨੂੰ ਆਪਣੇ ਖ਼ੁਫ਼ੀਆ ਤੰਤਰ ਤੋਂਂ ਪਤਾ ਲੱਗਾ ਹੈ ਕਿ ਅੱਤਵਾਦੀ ਫਿਰ ਹਾਈਵੇਅ ਅਤੇ ਸ੍ਰੀਨਗਰ ਸ਼ਹਿਰ 'ਚ ਪੁਲਵਾਮਾ ਵਰਗਾ ਵੱਡਾ ਹਮਲਾ ਦੁਹਰਾਉਣ ਦੀ ਫ਼ਿਰਾਕ 'ਚ ਹਨ।

ਇਸ ਵਾਰ ਉਹ ਮੋਟਰਸਾਈਕਲ ਦਾ ਇਸਤੇਮਾਲ ਕਰ ਸਕਦੇ ਹਨ। ਏਜੰਸੀਆਂ ਦੀ ਮੰਨੀਏ ਤਾਂ ਹਮਲੇ ਦੇ ਮੱਦੇਨਜ਼ਰ ਐਤਵਾਰ ਦਾ ਦਿਨ ਹੀ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਸੀ। ਅੱਤਵਾਦੀ ਹਮਲਾ ਸਵੇਰੇ ਸੱਤ ਵਜੇ ਤੋਂ ਅੱਠ ਵਜੇ ਵਿਚਾਲੇ ਕਰਨ ਵਾਲੇ ਸਨ। ਖ਼ੁਫ਼ੀਆ ਜਾਣਕਾਰੀ ਮੁਤਾਬਿਕ ਸ੍ਰੀਨਗਰ ਸ਼ਹਿਰ 'ਚ ਟੋਟੋ ਮੈਦਾਨ ਅਤੇ ਬਾਦਾਮੀ ਬਾਗ਼ ਫ਼ੌਜੀ ਛਾਉਣੀ ਦੇ ਲਾਗੇ ਹੀ ਕਿਸੇ ਜਗ੍ਹਾ ਧਮਾਕਾ ਕਰਨ ਦੀ ਫ਼ਿਰਾਕ 'ਚ ਸਨ। ਇਸ 'ਚ ਨਾਕਾਮ ਰਹਿਣ 'ਤੇ ਉਹ ਹਾਈਵੇਅ 'ਤੇ ਕਿਸੇ ਜਗ੍ਹਾ ਵਿਸ਼ੇਸ਼ ਨੂੰ ਧਮਾਕੇ ਲਈ ਚੁਣ ਸਕਦੇ ਹਨ। ਇਸੇ ਜਾਣਕਾਰੀ ਦੇ ਆਧਾਰ 'ਤੇ ਪੂਰੇ ਕਸ਼ਮੀਰ 'ਚ ਵਿਸ਼ੇਸਕਰ ਸ੍ਰੀਨਗਰ 'ਚ ਅਲਰਟ ਜਾਰੀ ਕੀਤਾ ਗਿਆ ਹੈ।

Posted By: Akash Deep