ਜੇਐੱਨਐੱਨ, ਪ੍ਰਯਾਗਰਾਜ : ਦੇਸ਼ ਭਰ ’ਚ ਆਪਦੇ ਬਿਆਨ ਨਾਲ ਸੁਰਖ਼ੀਆਂ ’ਚ ਰਹਿਣ ਵਾਲੇ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰੇਂਦਰ ਗਿਰੀ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਉਨ੍ਹਾਂ ਦੀਲਾਸ਼ ਅੱਲਾਪੁਰ ’ਚ ਬਾਘੰਬਰੀ ਗੱਦੀ ਮੱਠ ਦੇ ਕਮਰੇ ’ਚ ਲਟਕਦੀ ਮਿਲੀ ਹੈ। ਖ਼ਬਰ ਮਿਲਦੇ ਹੀ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਆਈਜੀ ਰੇਂਜ ਕੇਪੀ ਸਿੰਘ ਨੇ ਦੱਸਿਆ ਕਿ ਉਹ ਵੀ ਮੱਠ ਪਹੁੰਚ ਗਏ ਹਨ। ਫਿਲਹਾਲ ਇਹ ਫਾਹਾ ਲਾ ਕੇ ਆਤਮਹੱਤਿਆ ਦਾ ਮਾਮਲਾ ਲੱਗ ਰਿਹਾ ਹੈ। ਫੌਰੰਸਿਕ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ।

ਮੱਠ ’ਤੇ ਵੱਡੀ ਗਿਣਤੀ ’ਚ ਭਗਤ ਅਤੇ ਸ਼ਰਧਾਲੂ ਵੀ ਪਹੁੰਚੇ


ਮਹੰਤ ਦੀ ਮੌਤ ਦੀ ਖਬਰ ਫੈਲਣ ’ਤੇ ਸ਼ਹਿਰ ਭਰ ਤੋਂ ਉਨ੍ਹਾਂ ਦੇ ਭਗਤ ਮੱਠ ’ਤੇ ਇਕੱਠੇ ਹੋ ਗਏ। ਪੁਲਿਸ ਨੂੰ ਭੀੜ ਨੂੰ ਸੰਭਾਲਣ ਲਈ ਮਿਹਨਤ ਕਰਨੀ ਪਈ। ਮੱਠ ਦੇ ਅੰਦਰ ਅਜੇ ਸਿਰਫ਼ ਆਹਲਾ ਪੁਲਿਸ ਅਧਿਕਾਰੀ ਅਤੇ ਫੌਰੰਸਿਕ ਟੀਮ ਹੈ।

ਸ਼ਿਸ਼ ਆਨੰਦ ਗਿਰੀ ਨਾਲ ਵਿਵਾਦ ਰਿਹਾ ਚਰਚਿਤ


ਸੰਗਮ ਤੱਟ ਸਥਿਤ ਲੇਟੇ ਹਨੂੰਮਾਨ ਮੰਦਰ ਦੇ ਮਹੰਤ ਸਵਾਮੀ ਨਰੇਂਦਰ ਗਿਰੀ ਅਤੇ ਉਨ੍ਹਾਂ ਦੇ ਚੇਲੇ ਚਰਚਿਤ ਯੋਗ ਗੁਰੂ ਆਨੰਦ ਗਿਰੀ ਵਿਚਕਾਰ ਪਿਛਲੇ ਦਿਨੀਂ ਵਿਵਾਦ ਸੁਰਖ਼ੀਆਂ ’ਚ ਰਿਹਾ ਹੈ। ਆਨੰਦ ਗਿਰੀ ਨੂੰ ਅਖਾੜਾ ਪ੍ਰੀਸ਼ਦ ਅਤੇ ਮੱਠ ਬਾਘੰਬਰੀ ਗੱਦੀ ਦੇ ਅਹੁਦੇਦਾਰਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਦੋਂ ਦੋਵਾਂ ਨੇ ਇਕ-ਦੂਜੇ ’ਤੇ ਆਰੋਪ ਵੀ ਲਾਏ ਸਨ। ਤਮਾਮ ਸਾਧੂ ਸੰਤਾਂ ਨੇ ਮਹੰਤ ਨਰੇਂਦਰ ਗਿਰੀ ਦੀ ਹਮਾਇਤ ਕੀਤੀ ਸੀ। ਨਰੇਂਦਰ ਗਿਰੀ ਨੇ ਕਿਹਾ ਸੀ ਕਿ ਆਨੰਦ ਗਿਰੀ ਮਾਫ਼ੀ ਮੰਗੇ ਫਿਰ ਉਨ੍ਹਾਂ ਬਾਰੇ ਕੁਝ ਸੋਚਿਆ ਜਾ ਸਕਦਾ ਹੈ। ਬਾਅਦ ’ਚ ਆਨੰਦ ਗਿਰੀ ਨੇ ਮਾਫ਼ੀ ਮੰਗ ਲਈ ਸੀ। ਹਾਲਾਂਕਿ, ਉਨ੍ਹਾਂ ਨੂੰ ਹਟਾਉਣ ਦੇ ਆਦੇਸ਼ ਵਾਪਸ ਨਹੀਂ ਲਏ ਗਏ।

Posted By: Jagjit Singh