ਨਵੀਂ ਦਿੱਲੀ (ਪੀਟੀਆਈ) : ਹਵਾਈ ਖੇਤਰ ਦੇ ਰੈਗੂਲੇਟਰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਡੀਸੀਏ) ਨੇ ਏਅਰਲਾਈਨਜ਼ ਨੂੰ ਕਿਹਾ ਹੈ ਕਿ ਕੋਰੋਨਾ ਕਾਲ 'ਚ ਸਰੀਰਕ ਦੂਰੀ ਦੇ ਨਿਯਮ ਨੂੰ ਧਿਆਨ 'ਚ ਰੱਖਦਿਆਂ ਜਿਥੋਂ ਤਕ ਸੰਭਵ ਹੋ ਸਕੇ ਹਰ ਲਾਈਨ 'ਚ ਵਿਚਾਲੇ ਦੀ ਸੀਟ ਖਾਲੀ ਰੱਖੀ ਜਾਵੇ।


ਡੀਜੀਸੀਏ ਨੇ ਏਅਰਲਾਈਨਜ਼ ਨੂੰ ਦਿੱਤੇ ਆਪਣੇ ਆਦੇਸ਼ 'ਚ ਕਿਹਾ ਹੈ ਕਿ ਜੇ ਯਾਤਰੀਆਂ ਦੀ ਭੀੜ ਜ਼ਿਆਦਾ ਹੋਣ 'ਤੇ ਵਿਚਾਲੇ ਦੀ ਸੀਟ 'ਤੇ ਉਨ੍ਹਾਂ ਨੂੰ ਬਿਠਾਉਣਾ ਵੀ ਪਏ ਤਾਂ ਸੁਰੱਖਿਆ ਲਈ ਉਨ੍ਹਾਂ ਨੂੰ ਕੱਪੜਾ ਮੰਤਰਾਲੇ ਵੱਲੋਂ ਮਨਜ਼ੂਰਸ਼ੁਦਾ ਮਾਪਦੰਡ ਵਾਲੇ ਕੱਪੜੇ ਤੋਂ ਬਣੇ ਗਾਊਨ, ਫੇਸ ਸ਼ੀਲਡ ਤੇ ਤਿੰਨ ਪਰਤਾਂ ਵਾਲੇ ਮਾਸਕ ਉਪਲੱਬਧ ਕਰਵਾਏ ਜਾਣ।


ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ 25 ਮਈ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਕਿਹਾ ਸੀ ਕਿ ਡੀਜੀਸੀਏ ਇਸ ਸਬੰਧੀ ਚਾਹੇ ਤਾਂ ਏਅਰਲਾਈਨਜ਼ ਦੇ ਆਰਥਿਕ ਹਿੱਤਾਂ ਦੀ ਬਜਾਏ ਯਾਤਰੀਆਂ ਦੀ ਸਿਹਤ ਦੇ ਆਧਾਰ 'ਤੇ ਆਪਣੇ ਨਿਯਮ-ਕਾਇਦੇ 'ਚ ਤਬਦੀਲੀ ਕਰ ਸਕਦੀ ਹੈ।


ਡੀਜੀਸੀਏ ਨੇ ਆਪਣੇ ਆਦੇਸ਼ 'ਚ ਸੁਪਰੀਮ ਕੋਰਟ ਦੀ ਨਿਗਰਾਨੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਯਾਤਰੀ ਦੀ ਗਿਣਤੀ ਜੇ ਘੱਟ ਹੋਵੇ ਤਾਂ ਏਅਰਲਾਈਨਜ਼ ਸੀਟਾਂ ਦੀ ਬੁਕਿੰਗ ਇਸ ਤਰ੍ਹਾਂ ਕਰਨ ਕਿ ਵਿਚਾਲੇ ਦੀ ਸੀਟ ਖਾਲੀ ਰਹੇ। ਹਾਲਾਂਕਿ ਇਕ ਪਰਿਵਾਰ ਦੇ ਯਾਤਰੀਆਂ ਨੂੰ ਆਲੇ-ਦੁਆਲੇ ਦੀ ਸੀਟ 'ਤੇ ਬੈਠਣ ਦੀ ਛੋਟ ਦਿੱਤੀ ਜਾ ਸਕਦੀ ਹੈ।


ਭਾਰਤ 'ਚ ਲਾਕਡਾਊਨ ਕਾਰਨ ਦੋ ਮਹੀਨੇ ਬਾਅਦ 25 ਮਈ ਤੋਂ ਘਰੇਲੂ ਉਡਾਣਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। 31 ਮਈ ਤਕ 3,370 ਉਡਾਣਾਂ ਸੰਚਾਲਿਤ ਕੀਤੀਆਂ ਗਈਆਂ। ਹਾਲੇ ਜਹਾਜ਼ਾਂ 'ਚ ਕੁਲ ਸਮਰੱਥਾ ਦੇ ਕਰੀਬ 50 ਫ਼ੀਸਦੀ ਯਾਤਰੀ ਹੀ ਸਫਰ ਕਰ ਰਹੇ ਹਨ ਇਸ ਲਈ ਡੀਜੀਸੀਏ ਦੇ ਆਦੇਸ਼ ਦੀ ਪਾਲਣਾ 'ਚ ਦਿੱਕਤ ਨਹੀਂ ਆ ਰਹੀ ਹੈ। ਪਿਛਲੇ ਐਤਵਾਰ ਤੋਂ ਹੁਣ ਤਕ ਹਰੇਕ ਦਿਨ ਔਸਤਨ 501 ਉਡਾਣਾਂ 'ਚ 44,593 ਯਾਤਰੀਆਂ ਨੇ ਸਫ਼ਰ ਕੀਤਾ ਹੈ। ਇਸ ਤਰ੍ਹਾਂ ਹਰੇਕ ਜਹਾਜ਼ 'ਚ ਔਸਤਨ 90 ਯਾਤਰੀਆਂ ਨੇ ਸਫਰ ਕੀਤਾ। ਭਾਰਤ 'ਚ ਪ੍ਰਚਲਿਤ ਜਹਾਜ਼ਾਂ 'ਚ ਦੋਵੇਂ ਪਾਸੇ 3 ਗੁਣਾ 3 ਸੀਟਾਂ ਦੇ ਹਿਸਾਬ ਨਾਲ 180 ਯਾਤਰੀਆਂ ਦੇ ਬੈਠਣ ਦੀ ਵਿਵਸਥਾ ਕੀਤੀ ਜਾਂਦੀ ਹੈ। ਇਹ ਹਿਸਾਬ ਨਾਲ ਵਿੰਡੋ ਸੀਟ ਤੇ ਗਲਿਆਰੇ ਵੱਲ ਦੀ ਸੀਟ 'ਤੇ ਯਾਤਰੀ ਬਿਠਾਏ ਜਾਣ ਨਾਲ 120 ਯਾਤਰੀ ਹੋਣ ਤਕ ਵਿਚਾਲੇ ਦੀ ਸੀਟ 'ਤੇ ਕਿਸੇ ਨੂੰ ਬਿਠਾਉਣ ਦੀ ਨੌਬਤ ਨਹੀਂ ਆਵੇਗੀ।

Posted By: Rajnish Kaur