ਨਵੀਂ ਦਿੱਲੀ, ਏਐੱਨਆਈ : ਦਿੱਲੀ-ਐੱਨਸੀਆਰ ਸਮੇਤ ਪੂਰੇ ਦੇਸ਼ 'ਚ ਹਵਾ ਪ੍ਰਦੂਸ਼ਣ ਦਾ ਮੁੱਦਾ ਮੰਗਲਵਾਰ ਨੂੰ ਲੋਕ ਸਭਾ 'ਚ ਉੱਠਿਆ। ਇਸ ਮੁੱਦੇ 'ਤੇ ਸੰਸਦ 'ਚ ਬਹਿਸ ਹੋਈ। ਬਹਿਸ 'ਚ ਹਿੱਸਾ ਲੈਂਦੇ ਹੋਏ ਪੱਛਮੀ ਦਿੱਲੀ ਤੋਂ ਭਾਜਪਾ ਸਾਂਸਦ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ ਪ੍ਰਦੂਸ਼ਣ ਲਈ ਕੇਜਰੀਵਾਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।

ਬਿਨਾਂ ਨਾਂ ਲਏ ਸੀਐੱਮ ਕੇਜਰੀਵਾਲ 'ਤੇ ਨਿਸ਼ਾਨਾ ਸਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਖੰਘਦੇ ਸਨ ਅਤੇ ਹੁਣ ਪ੍ਰਦੂਸ਼ਣ ਕਾਰਨ ਅਸੀਂ ਸਾਰੇ ਖੰਘ ਰਹੇ ਹਾਂ।

ਪ੍ਰਵੇਸ਼ ਵਰਮਾ ਨੇ ਕਿਹਾ ਕਿ ਸਾਢੇ ਚਾਰ ਸਾਲ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਕਹਿੰਦੇ ਸਨ ਕਿ ਪ੍ਰਧਾਨ ਮੰਤਰੀ ਅਤੇ ਉਪ ਰਾਜਪਾਲ ਕੰਮ ਕਰਨ ਨਹੀਂ ਦੇ ਰਹੇ। ਪਿਛਲੇ ਛੇ ਮਹੀਨਿਆਂ ਤੋਂ ਹਰ ਕੋਈ ਉਨ੍ਹਾਂ ਨੂੰ ਕੰਮ ਕਰਨ ਦੇ ਰਿਹਾ ਹੈ। ਉਹ ਸਾਰਿਆਂ ਨੂੰ ਸਭ ਕੁਝ ਮੁਫ਼ਤ ਵੰਡ ਰਹੇ ਹਨ।


ਪ੍ਰਵੇਸ਼ ਵਰਮਾ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਅੱਜ ਇਕ ਬਿਮਾਰੀ ਬਣ ਗਿਆ ਹੈ। ਲੋਕ ਕਹਿ ਰਹੇ ਹਨ ਕਿ ਇਸ ਦਾ ਕਾਰਨ ਪਰਾਲੀ, ਗੱਡੀ, ਧੂੜ ਅਤੇ ਉਦਯੋਗਿਕ ਧੰਦਿਆਂ 'ਚੋਂ ਨਿਕਲਣ ਵਾਲਾ ਧੂੰਆਂ ਹੈ। ਆਡ-ਈਵਨ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਆਪਣੀ ਤਾਰੀਫ਼ ਕਰ ਰਹੇ ਹਨ। ਦਿੱਲੀ 'ਚ 200 ਦਿਨ ਹਵਾ ਪ੍ਰਦੂਸ਼ਣ ਦੀ ਸਥਿਤੀ ਖ਼ਤਰਨਾਕ ਪੱਧਰ 'ਤੇ ਰਹਿੰਦੀ ਹੈ ਜਦੋਂਕਿ ਪਰਾਲੀ ਮੁਸ਼ਕਿਲ ਨਾਲ 30 ਦਿਨ ਹੀ ਸੜਦੀ ਹੈ।


ਮਾਸਕ ਪਹਿਨ ਕੇ ਲੋਕ ਸਭਾ 'ਚ ਪਹੁੰਚੀ ਟੀਐੱਮਸੀ ਸਾਂਸਦ

ਉੱਥੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਸਾਂਸਦ ਕਾਕੋਲੀ ਘੋਸ਼ ਦਸਤੀਦਾਰ ਬਹਿਸ 'ਚ ਹਿੱਸਾ ਲੈਣ ਲਈ ਮਾਸਕ ਲਾ ਕੇ ਲੋਕ ਸਭਾ 'ਚ ਪਹੁੰਚੀ। ਹਵਾ ਪ੍ਰਦੂਸ਼ਣ ਦੇ ਮੁੱਦੇ 'ਤੇ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਕਿਹਾ ਕਿ ਦੁਨੀਆ ਦੇ 10 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ 'ਚ ਭਾਰਤ ਦੇ 9 ਸ਼ਹਿਰ ਹਨ। ਉਨ੍ਹਾਂ ਸਰਕਾਰ ਤੋਂ ਪੁੱਛਿਆ ਕਿ ਕੀ ਸਾਫ਼ ਹਵਾ 'ਚ ਸਾਹ ਲੈਣ ਦਾ ਅਧਿਕਾਰ ਸਾਡਾ ਨਹੀਂ ਹੈ। ਕਾਕੋਲੀ ਘੋਸ਼ ਨੇ ਕਿਹਾ ਕਿ ਕੀ ਅਸੀਂ ਸਾਫ਼ ਹਵਾ ਮਿਸ਼ਨ ਲਾਂਚ ਕਰ ਸਕਦੇ ਹਾਂ।

ਉੱਥੇ ਪੰਜਾਬ ਤੋਂ ਕਾਂਗਰਸ ਸਾਂਸਦ ਮੁਨੀਸ਼ ਤਿਵਾੜੀ ਨੇ ਵੀ ਹਵਾ ਪ੍ਰਦੂਸ਼ਣ 'ਤੇ ਚਰਚਾ 'ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ 'ਤੇ ਹਮੇਸ਼ਾ ਕਿਹਾ ਜਾਂਦਾ ਹੈ ਕਿ ਗੁਆਂਢੀ ਰਾਜਾਂ 'ਚ ਪਰਾਲੀ ਸਾੜਨ ਨਾਲ ਇੱਥੇ ਪ੍ਰਦੂਸ਼ਣ ਫੈਲਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨੂੰ ਉਹ ਉੱਚਿਤ ਨਹੀਂ ਮੰਨਦੇ, ਪਰ ਇਸ ਨੂੰ ਰੋਕਣ ਲਈ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨਾ ਜ਼ਰੂਰੀ ਹੈ।

Posted By: Jagjit Singh