ਨਵੀਂ ਦਿੱਲੀ (ਏਐੱਨਆਈ) : ਏਅਰ ਇੰਡੀਆ ਦੇ ਪਾਇਲਟਾਂ ਦੀ ਯੂਨੀਅਨ ਨੇ ਕੰਪਨੀ ਦੇ ਡਾਇਰੈਕਟਰ ਕੈਪਟਨ ਆਰਐੱਸ ਸੰਧੂ ਦੇ ਸਾਹਮਣੇ ਫਲਾਈਟ ਕਰੂ ਦੇ ਟੀਕਾਕਰਨ ਦਾ ਮੁੱਦਾ ਉਠਾਉਂਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੂੰ ਟੀਕਾ ਨਹੀਂ ਲੱਗਾ ਤਾਂ ਕੰਮ ਠੱਪ ਕਰ ਦਿੱਤਾ ਜਾਵੇਗਾ।

ਏਅਰ ਇੰਡੀਆ ਦੇ ਇੰਡੀਅਨ ਕਮਰਸ਼ੀਅਲ ਪਾਇਲਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੈਪਟਨ ਪ੍ਰਵੀਨ ਕੀਰਤੀ ਨੇ ਆਪਣੇ ਪੱਤਰ 'ਚ ਚਿਤਾਵਨੀ ਦਿੱਤੀ ਕਿ ਮੈਨੇਜਮੈਂਟ ਨੇ ਜੇ 18 ਪਲੱਸ ਦੇ ਫਲਾਇੰਗ ਕਰੂ ਲਈ ਛੇਤੀ ਹੀ ਦੇਸ਼ ਭਰ 'ਚ ਟੀਕਾਕਰਨ ਕੈਂਪ ਨਹੀਂ ਲਗਵਾਏ ਤਾਂ ਕੰਮ ਠੱਪ ਕਰ ਦਿੱਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਪ੍ਰਬੰਧਨ ਨੇ ਕੁਝ ਥਾਵਾਂ 'ਤੇ ਡੈੱਸਕ 'ਤੇ ਕੰਮ ਕਰਨ ਵਾਲਿਆਂ ਤੇ ਘਰ ਤੋਂ ਕੰਮ ਕਰ ਰਹੇ ਲੋਕਾਂ ਲਈ ਟੀਕਾਕਰਨ ਕੀਤਾ ਤੇ ਵਿਵਸਥਾ ਕਰਵਾ ਦਿੱਤੀ ਪਰ ਜਾਨ ਜ਼ੋਖ਼ਮ 'ਚ ਪਾ ਕੇ ਜਹਾਜ਼ ਉਡਾਣ ਵਾਲੇ ਪਾਇਲਟਾਂ ਦੀ ਸੁੱਧ ਨਹੀਂ ਲਈ। ਉਨ੍ਹਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਗਿਆ। ਉਨ੍ਹਾਂ ਨੇ ਪੱਤਰ 'ਚ ਚਿਤਾਵਨੀ ਦਿੰਦਿਆਂ ਕਿਹਾ ਕਿ ਫਲਾਇੰਗ ਕਰੂ ਲਈ ਛੇਤੀ ਹੀ ਜੇ ਟੀਕਾਕਰਨ ਕੇਂਦਰ ਸਥਾਪਤ ਨਾ ਕੀਤੇ ਤਾਂ ਕੰਮ ਰੋਕ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਯੂਨੀਅਨ 'ਚ ਕਰੀਬ ਇਕ ਹਜ਼ਾਰ ਪਾਇਲਟ ਮੈਂਬਰ ਹਨ।

ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਪ੍ਰਬੰਧਨ ਆਪਣੇ ਪਾਇਲਟਾਂ ਦੇ ਕਲਿਆਣ ਲਈ ਕੋਈ ਕੰਮ ਨਹੀਂ ਕਰ ਰਿਹਾ ਹੈ। ਫਲਾਇੰਗ ਕਰੂ ਦੇ ਕਈ ਮੈਂਬਰ ਕੋਰੋਨਾ ਤੋਂ ਪੀੜਤ ਹੈ। ਉਨ੍ਹਾਂ ਨੇ ਆਕਸੀਜਨ ਸਿਲੰਡਰ ਨਹੀਂ ਮਿਲ ਰਹੇ ਹਨ। ਉਹ ਆਪਣੇ ਇਲਾਜ ਦਾ ਖ਼ਰਚਾ ਵੀ ਖ਼ੁਦ ਉਠਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਬੰਧਨ ਬਸ ਸਰਕੁਲਰ ਤੇ ਪੱਤਰ ਜਾਰੀ ਕਰ ਕੇ ਆਪਣੀ ਜ਼ਿੰਮੇਵਾਰੀ ਪੂਰੀ ਸਮਝ ਲੈਂਦੇ ਹਨ।