ਨਵੀਂ ਦਿੱਲੀ (ਪੀਟੀਆਈ) : ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਸੰਦੇਸਰਾ ਬੰਧੂ ਬੈਂਕ ਧੋਖਾਧੜੀ ਤੇ ਮਨੀ ਲਾਂਡਿ੍ੰਗ ਮਾਮਲੇ 'ਚ ਵੀਰਵਾਰ ਸਵੇਰੇ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਤੋਂ ਉਨ੍ਹਾਂ ਦੀ ਅਧਿਕਾਰਤ ਰਿਹਾਇਸ਼ 'ਤੇ ਚੌਥੀ ਦੌਰ ਦੀ ਪੁੱਛਗਿੱਛ ਕੀਤੀ। ਈਡੀ ਅਧਿਕਾਰੀਆਂ ਦੀ ਤਿੰਨ ਮੈਂਬਰੀ ਟੀਮ ਰਾਜ ਸਭਾ ਸੰਸਦ ਦੇ 23, ਮਦਰ ਟੈਰੇਸਾ ਕ੍ਰੋਸੈਂਟ ਰਿਹਾਇਸ਼ 'ਤੇ ਸਵੇਰੇ ਕਰੀਬ 11 ਵਜੇ ਪੁੱਜੀ।

ਇਸ ਤੋਂ ਪਹਿਲਾਂ ਪਟੇਲ ਤੋਂ ਇਸ ਮਾਮਲੇ 'ਚ ਦੋ ਜੁਲਾਈ ਨੂੰ ਕਰੀਬ 10 ਘੰਟੇ ਤਕ ਪੁੱਛਗਿੱਛ ਕੀਤੀ ਸੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਈਡੀ ਦੇ ਜਾਂਚਕਰਤਾਵਾਂ ਨੇ ਤਿੰਨ ਸੈਸ਼ਨਾਂ 'ਚ ਉਨ੍ਹਾਂ ਤੋਂ 128 ਪ੍ਰਸ਼ਨ ਪੁੱਛੇ ਹੈ। ਪਟੇਲ ਨੇ ਕਿਹਾ, 'ਇਹ ਮੇਰੇ ਤੇ ਮੇਰੇ ਪਰਿਵਾਰ ਖ਼ਿਲਾਫ਼ ਸਿਆਸੀ ਕਿੜ ਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨਾ ਹੈ। ਮੈਨੂੰ ਨਹੀਂ ਪਤਾ ਕਿ ਉਹ (ਜਾਂਚਕਰਤਾ) ਕਿਸੇ ਦੇ ਦਬਾਅ 'ਚ ਕੰਮ ਕਰ ਰਹੇ ਹਨ।' ਹੁਣ ਤਕ ਕਾਂਗਰਸ ਖਜ਼ਾਨਚੀ ਤੋਂ 27 ਜੂਨ ਤਕ, 30 ਜੂਨ ਤੇ ਦੋ ਜੁਲਾਈ ਨੂੰ ਹੋਏ ਸੈਸ਼ਨਾਂ 'ਚ ਈਡੀ 27 ਘੰਟੇ ਤਕ ਪੁੱਛਗਿੱਛ ਕਰ ਚੁੱਕੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਕਾਂਗਰਸੀ ਆਗੂ ਦੇ ਬਿਆਨ ਮਨੀ ਲਾਂਡਿ੍ੰਗ ਰੋਕੂ ਐਕਟ (ਪੀਐੱਮਐੱਲਏ) ਤਹਿਤ ਦਰਜ ਕੀਤੇ ਗਏ ਹਨ। ਉਨ੍ਹਾਂ ਤੋਂ ਵਡੋਦਰਾ ਦੀ ਕੰਪਨੀ ਸਟਰਲਿੰਗ ਬਾਇਓਟੈੱਕ ਫਾਰਮਾਸਿਊਟੀਕਲ ਕੰਪਨੀ ਦੇ ਪ੍ਰਮੋਟਰ ਸੰਦੇਸਰਾ ਭਰਾਵਾਂ ਨਾਲ ਕਥਿਤ ਸਬੰਧਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਕਥਿਤ ਲੈਣ-ਦੇਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਏਜੰਸੀ ਨੇ ਪਟੇਲ ਦੇ ਪੁੱਤਰ ਫੈਜ਼ਲ ਤੇ ਦਾਮਾਦ ਇਰਫਾਨ ਅਹਿਮਦ ਸਿੱਦੀਕੀ ਤੋਂ ਇਸ ਸਬੰਧੀ ਪਿਛਲੇ ਸਾਲ ਪੁੱਛਗਿੱਛ ਕੀਤੀ ਸੀ ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਸਨ। ਇਨ੍ਹਾਂ ਦੋਵਾਂ ਤੋਂ ਇਲਾਵਾ ਸੰਦੇਸਰਾ ਗਰੁੱਪ ਦੇ ਇਕ ਮੁਲਾਜ਼ਮ ਸੁਨੀਲ ਯਾਦਵ ਦੇ ਬਿਆਨ ਦੇ ਸੰਦਰਭ 'ਚ ਪੁੱਛਗਿੱਛ ਕੀਤੀ ਗਈ।

ਸੂਤਰਾਂ ਨੇ ਦੱਸਿਆ ਕਿ ਈਡੀ ਨੂੰ ਦਿੱਤੇ ਗਏ ਆਪਣੇ ਬਿਆਨ 'ਚ ਯਾਦਵ ਨੇ ਕਿਹਾ ਕਿ ਉਸ ਤੋਂ ਸਟਰਲਿੰਗ ਬਾਇਓਟੈੱਕ ਦੇ ਪ੍ਰਮੋਟਰਾਂ 'ਚੋਂ ਇਕ, ਚੇਤਨ ਸੰਦੇਸਰਾ ਦੇ ਨਿਰਦੇਸ਼ਾਂ 'ਤੇ ਇਕ ਪਾਰਟੀ ਲਈ 10 ਲੱਖ ਰੁਪਏ ਦਾ ਖ਼ਰਚਾ ਲਿਆ ਸੀ। ਇਸ ਪਾਰਟੀ 'ਚ ਫੈਜ਼ਲ ਨੇ ਹਿੱਸਾ ਲਿਆ ਸੀ। ਫੈਜ਼ਲ ਲਈ ਇਕ ਨਾਈਟ ਕਲੱਬ 'ਚ ਦਾਖ਼ਲੇ ਦੀ ਵਿਵਸਥਾ ਕੀਤੀ ਤੇ ਇਕ ਵਾਰ ਉਨ੍ਹਾਂ ਦੇ ਡਰਾਈਵਰ ਨੂੰ ਦਿੱਲੀ ਦੀ ਖ਼ਾਨ ਮਾਰਕੀਟ 'ਚ ਪੰਜ ਲੱਖ ਰੁਪਏ ਦਿੱਤੇ ਸਨ। ਸੂਤਰਾਂ ਨੇ ਦੱਸਿਆ ਕਿ ਯਾਦਵ ਨੇ ਏਜੰਸੀ ਨੂੰ ਕਿਹਾ ਕਿ ਇਹ ਪੈਸਾ ਫੈਜ਼ਲ ਪਟੇਲ ਲਈ ਸੀ।