ਨਵੀਂ ਦਿੱਲੀ (ਪੀਟੀਆਈ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੰਦੇਸਰਾ ਬੰਧੂ ਬੈਂਕ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਵੀਰਵਾਰ ਨੂੰ ਸੀਨੀਅਰ ਕਾਂਗਰਸ ਨੇਤਾ ਅਹਿਮਦ ਪਟੇਲ ਤੋਂ ਉਨ੍ਹਾਂ ਦੀ ਰਿਹਾਇਸ਼ 'ਤੇ ਤੀਜੇ ਪੜਾਅ ਦੀ ਪੁੱਛਗਿੱਛ ਕੀਤੀ। ਕੇਂਦਰੀ ਏਜੰਸੀ ਦੀ ਤਿੰਨ ਮੈਂਬਰੀ ਟੀਮ ਕੁਝ ਹੋਰ ਅਧਿਕਾਰੀਆਂ ਨਾਲ ਸਵੇਰੇ ਕਰੀਬ 11 ਵਜੇ ਪਟੇਲ ਦੀ 23, ਮਦਰ ਟੈਰੇਸਾ ਕ੍ਰੀਸੈਂਟ ਰਿਹਾਇਸ਼ 'ਤੇ ਪੁੱਜੀ। ਟੀਮ ਦੇ ਮੈਂਬਰਾਂ ਨੇ ਮਾਸਕ ਲਗਾ ਰੱਖੇ ਸਨ ਅਤੇ ਦਸਤਾਨੇ ਪਹਿਨੇ ਹੋਏ ਸਨ। ਉਨ੍ਹਾਂ ਕੋਰੋਨਾ ਵਾਇਰਸ ਵਿਸ਼ਵ ਪੱਧਰੀ ਮਹਾਮਾਰੀ ਕਾਰਨ ਪੁੱਛਗਿੱਛ ਸ਼ੁਰੂ ਕਰਨ ਤੋਂ ਪਹਿਲਾਂ ਇਹਤਿਆਤਨ ਆਪਣੇ ਹੱਥਾਂ ਅਤੇ ਜੁੱਤੀਆਂ ਨੂੰ ਸੈਨੇਟਾਈਜ਼ ਕਰਦੇ ਹੋਏ ਦੇਖਿਆ ਗਿਆ। ਏਜੰਸੀ ਦੇ ਅਧਿਕਾਰੀਆਂ ਨੇ ਇਸ ਤੋਂ ਪਹਿਲਾਂ 27 ਅਤੇ 30 ਜੂਨ ਨੂੰ ਕਰੀਬ 17 ਘੰਟੇ ਤਕ ਦੋ ਵੱਖ-ਵੱਖ ਸੈਸ਼ਨਾਂ ਵਿਚ ਪਟੇਲ ਤੋਂ ਪੁੱਛਗਿੱਛ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀਐੱਮਐੱਲਏ) ਤਹਿਤ ਪਟੇਲ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਤੋਂ ਵਡੋਦਰਾ ਸਥਿਤ ਸਟਰਲਿੰਗ ਬਾਇਓਟੈੱਕ ਦਵਾਈ ਕੰਪਨੀ ਦੇ ਪ੍ਰਮੋਟਰਾਂ ਸੰਦੇਸਰਾ ਭਰਾਵਾਂ ਤੋਂ ਉਨ੍ਹਾਂ ਦੇ ਕਥਿਤ ਸਬੰਧਾਂ ਅਤੇ ਉਨ੍ਹਾਂ ਨਾਲ ਉਨ੍ਹਾਂ ਦੇ ਮੈਂਬਰਾਂ ਦੇ ਕਥਿਤ ਲੈਣ-ਦੇਣ ਦੇ ਬਾਰੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ।

ਏਜੰਸੀ ਨੇ ਇਸ ਮਾਮਲੇ ਵਿਚ ਪਿਛਲੇ ਸਾਲ ਪਟੇਲ ਦੇ ਬੇਟੇ ਫੈਸਲ ਪਟੇਲ ਅਤੇ ਜਵਾਈ ਇਰਫਾਨ ਅਹਿਮਦ ਸਿੱਦੀਕੀ ਤੋਂ ਪੁੱਛਗਿੱਛ ਕੀਤੀ ਸੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਸਨ। ਉਨ੍ਹਾਂ ਦੋਵਾਂ ਤੋਂ ਸੰਦੇਸਰਾ ਗਰੁੱਪ ਦੇ ਇਕ ਮੁਲਾਜ਼ਮ ਸੁਨੀਲ ਯਾਦਵ ਦੇ ਬਿਆਨ ਦੇ ਸੰਦਰਭ ਵਿਚ ਪੁੱਛਗਿੱਛ ਕੀਤੀ ਗਈ। ਯਾਦਵ ਨੇ ਪਹਿਲਾਂ ਏਜੰਸੀ ਦੇ ਸਾਹਮਣੇ ਬਿਆਨ ਦਰਜ ਕਰਵਾਇਆ ਸੀ। ਸੂਤਰਾਂ ਨੇ ਦੱਸਿਆ ਕਿ ਈਡੀ ਨੂੰ ਦਿੱਤੇ ਬਿਆਨ ਵਿਚ ਯਾਦਵ ਨੇ ਕਿਹਾ ਸੀ ਕਿ ਉਸ ਨੇ ਇਕ ਪਾਰਟੀ ਲਈ 10 ਲੱਖ ਰੁਪਏ ਦਾ ਖ਼ਰਚ ਚੁੱਕਿਆ ਸੀ, ਜਿਸ ਵਿਚ ਫੈਸਲ ਸ਼ਾਮਲ ਹੋਏ ਸਨ। ਉਨ੍ਹਾਂ ਲਈ ਇਕ ਨਾਈਟ ਕਲੱਬ ਵਿਚ ਦਾਖ਼ਲੇ ਦੀ ਵਿਵਸਥਾ ਕਰਵਾਈ ਅਤੇ ਦਵਾਈ ਕੰਪਨੀ ਦੇ ਪ੍ਰਮੋਟਰਾਂ ਵਿਚੋਂ ਇਕ ਚੇਤਨ ਸੰਦੇਸਰਾ ਦੇ ਨਿਰਦੇਸ਼ 'ਤੇ ਖ਼ਾਨ ਮਾਰਕੀਟ ਵਿਚ ਇਕ ਵਾਰ ਉਨ੍ਹਾਂ ਦੇ ਡਰਾਈਵਰ ਨੂੰ ਪੰਜ ਲੱਖ ਰੁਪਏ ਦਿੱਤੇ ਸਨ।

ਸੂਤਰਾਂ ਮੁਤਾਬਕ, ਯਾਦਵ ਨੇ ਈਡੀ ਨੂੰ ਦੱਸਿਆ ਕਿ ਇਹ ਪੈਸਾ ਫੈਸਲ ਪਟੇਲ ਨੂੰ ਦਿੱਤਾ ਜਾਣਾ ਸੀ। ਯਾਦਵ ਨੇ ਇਹ ਵੀ ਦੱਸਿਆ ਕਿ ਸਿੱਦੀਕੀ ਨੇ ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿਚ ਇਕ ਮਕਾਨ ਲਿਆ ਸੀ ਜਿਹੜਾ ਚੇਤਨ ਸੰਦੇਸਰਾ ਦਾ ਸੀ। ਸੰਦੇਸਰਾ ਭਰਾ ਕੁਝ ਹਾਈ ਪ੍ਰੋਫਾਈਲ ਨੇਤਾਵਾਂ ਨਾਲ ਕਥਿਤ ਗਠਜੋੜ ਅਤੇ ਭਿ੍ਸ਼ਟਾਚਾਰ ਅਤੇ ਟੈਕਸ ਚੋਰੀ ਦੇ ਦੋਸ਼ਾਂ ਵਿਚ ਵੀ ਸੀਬੀਆਈ ਅਤੇ ਆਮਦਨ ਕਰ ਵਿਭਾਗ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਅਜਿਹਾ ਦੱਸਿਆ ਜਾਂਦਾ ਹੈ ਕਿ ਹਾਲੇ ਉਹ ਅਲਬਾਨੀਆ ਵਿਚ ਰਹਿ ਰਹੇ ਹਨ, ਜਿੱਥੋਂ ਭਾਰਤ ਉਨ੍ਹਾਂ ਨੂੰ ਹਵਾਲਗੀ ਜ਼ਰੀਏ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।