ਨਵੀਂ ਦਿੱਲੀ, ਏਜੰਸੀ। ਗੁਜਰਾਤ ਦੀ ਸੂਰਤ ਸੈਸ਼ਨ ਕੋਰਟ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ 2019 'ਮੋਦੀ ਸਰਨੇਮ' ਟਿੱਪਣੀ ਲਈ ਦੋਸ਼ੀ ਠਹਿਰਾਉਂਦੇ ਹੋਏ 2 ਸਾਲ ਦੀ ਸਜ਼ਾ ਸੁਣਾਈ। ਦੱਸ ਦੇਈਏ ਕਿ 2 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਰਾਹੁਲ ਗਾਂਧੀ ਨੂੰ ਸੂਰਤ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।

"ਮੇਰਾ ਧਰਮ ਸੱਚ ਅਤੇ ਅਹਿੰਸਾ 'ਤੇ ਅਧਾਰਤ ਹੈ," ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਥਿਤ ਮੋਦੀ ਉਪਨਾਮ ਵਾਲੀ ਟਿੱਪਣੀ ਨੂੰ ਲੈ ਕੇ ਆਪਣੇ ਖਿਲਾਫ ਦਾਇਰ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਟਵੀਟ ਕੀਤਾ। ਸੱਚ ਮੇਰਾ ਰੱਬ ਹੈ, ਅਹਿੰਸਾ ਇਸ ਦੀ ਪ੍ਰਾਪਤੀ ਦਾ ਸਾਧਨ ਹੈ - ਮਹਾਤਮਾ ਗਾਂਧੀ।

ਅਸੀਂ ਕਾਨੂੰਨ ਦੇ ਤਹਿਤ ਲੜਾਂਗੇ - ਮੱਲਿਕਾਰਜੁਨ ਖੜਗੇ

ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਹੁਲ ਗਾਂਧੀ ਨੂੰ ਸੂਰਤ ਜ਼ਿਲ੍ਹਾ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ 'ਤੇ ਕਿਹਾ ਕਿ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਇਹ (ਭਾਜਪਾ) ਲੋਕ ਪਹਿਲੇ ਜੱਜ ਨੂੰ ਬਦਲਦੇ ਰਹੇ, ਅਸੀਂ ਅੰਦਾਜ਼ਾ ਲਗਾ ਰਹੇ ਸੀ ਪਰ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਲੋਕ ਹਾਂ। ਅਸੀਂ ਕਾਨੂੰਨ ਅਨੁਸਾਰ ਲੜਾਂਗੇ।

ਸਵਾਲ ਪੁੱਛਣਾ ਜਨਤਾ ਅਤੇ ਵਿਰੋਧੀ ਧਿਰ ਦਾ ਕੰਮ ਹੈ- ਕੇਜਰੀਵਾਲ

ਇਸ ਮਾਮਲੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੈਰ-ਭਾਜਪਾ ਨੇਤਾਵਾਂ ਅਤੇ ਪਾਰਟੀਆਂ 'ਤੇ ਮੁਕੱਦਮੇ ਚਲਾ ਕੇ ਉਨ੍ਹਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ। ਕਾਂਗਰਸ ਨਾਲ ਸਾਡੇ ਮਤਭੇਦ ਹਨ ਪਰ ਰਾਹੁਲ ਗਾਂਧੀ ਨੂੰ ਇਸ ਤਰ੍ਹਾਂ ਮਾਣਹਾਨੀ ਦੇ ਕੇਸ ਵਿੱਚ ਫਸਾਉਣਾ ਠੀਕ ਨਹੀਂ ਹੈ। ਸਵਾਲ ਪੁੱਛਣਾ ਜਨਤਾ ਅਤੇ ਵਿਰੋਧੀ ਧਿਰ ਦਾ ਕੰਮ ਹੈ। ਅਸੀਂ ਅਦਾਲਤ ਦਾ ਸਨਮਾਨ ਕਰਦੇ ਹਾਂ ਪਰ ਫੈਸਲੇ ਨਾਲ ਅਸਹਿਮਤ ਹਾਂ।

ਰਾਹੁਲ ਗਾਂਧੀ ਨੂੰ ਆਈਪੀਸੀ 504 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ

ਦੱਸ ਦੇਈਏ ਕਿ ਰਾਹੁਲ ਗਾਂਧੀ ਨੂੰ ਆਈਪੀਸੀ ਦੀ ਧਾਰਾ 504 ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਰਾਹੁਲ ਗਾਂਧੀ 'ਤੇ ਮੋਦੀ ਸਰਨੇਮ 'ਤੇ ਟਿੱਪਣੀ ਕਰਨ ਲਈ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ।

ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਐਚ.ਐਚ.ਵਰਮਾ ਦੀ ਅਦਾਲਤ ਨੇ ਪਿਛਲੇ ਸ਼ੁੱਕਰਵਾਰ ਨੂੰ ਦੋਵਾਂ ਧਿਰਾਂ ਦੀਆਂ ਅੰਤਮ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ 23 ਮਾਰਚ ਲਈ ਰਾਖਵਾਂ ਰੱਖ ਲਿਆ ਸੀ। ਰਾਹੁਲ ਗਾਂਧੀ ਮਾਣਹਾਨੀ ਮਾਮਲੇ ਦੀ ਸੁਣਵਾਈ ਲਈ ਹੁਣ ਤੱਕ ਤਿੰਨ ਵਾਰ ਅਦਾਲਤ ਵਿੱਚ ਪੇਸ਼ ਹੋ ਚੁੱਕੇ ਹਨ।

ਮੋਦੀ ਸਰਨੇਮ ਨੂੰ ਲੈ ਕੇ ਦਿੱਤਾ ਗਿਆ ਸੀ ਵਿਵਾਦਿਤ ਬਿਆਨ

2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਰਾਹੁਲ ਨੇ ਮੋਦੀ ਸਰਨੇਮ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ਦੇ ਚਾਰ ਸਾਲ ਬਾਅਦ ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਜਦੋਂ ਅਦਾਲਤ ਨੇ ਰਾਹੁਲ ਨੂੰ ਪੁੱਛਿਆ ਕਿ ਉਹ ਇਸ ਮਾਮਲੇ ਵਿੱਚ ਕੀ ਕਹਿਣਾ ਚਾਹੁੰਦੇ ਹਨ? ਤਾਂ ਰਾਹੁਲ ਨੇ ਕਿਹਾ ਕਿ ਮੈਂ ਇਹ ਬਿਆਨ ਜਾਣਬੁੱਝ ਕੇ ਨਹੀਂ ਦਿੱਤਾ ਸੀ।

ਰਾਹੁਲ ਗਾਂਧੀ ਦੇ ਕਥਿਤ ਬਿਆਨ 'ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਵੇਂ ਹੈ?' ਲਈ ਕੇਸ ਦਰਜ ਕੀਤਾ ਗਿਆ ਸੀ। ਭਾਜਪਾ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪੂਰਨੇਸ਼ ਮੋਦੀ ਦੀ ਸ਼ਿਕਾਇਤ 'ਤੇ ਰਾਹੁਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

Posted By: Tejinder Thind