ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਵਿਚਾਲੇ ਜੇਈਈ ਮੇਨਜ਼ ਤੇ ਨੀਟ ਵਰਗੀਆਂ ਪ੍ਰੀਖਿਆਵਾਂ ਕਰਵਾਉਣ ਤੋਂ ਬਾਅਦ ਹੁਣ ਸਕੂਲਾਂ ਨੂੰ ਵੀ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਗਈ ਹੈ। 21 ਸਤੰਬਰ ਤੋਂ ਬਾਅਦ ਸੂਬਿਆਂ ਦੀ ਸਹਿਮਤੀ ਨਾਲ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਬੱਚੇ ਨੂੰ ਸਕੂਲ ਭੇਜਣ ਤੋਂ ਪਹਿਲਾਂ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੋਵੇਗੀ। ਫਿਲਹਾਲ ਕੇਂਦਰੀ ਸਿੱਖਿਆ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਕੇਂਦਰੀ ਵਿਦਿਆਲਿਆ ਸੰਗਠਨ ਨੇ ਇਸ ਨੂੰ ਲੈ ਕੇ ਯੋਜਨਾ ਜਾਰੀ ਕਰ ਦਿੱਤੀ ਹੈ। ਇਸ ਲਈ ਮਾਪਿਆਂ ਤੋਂ ਸਹਿਮਤੀ ਮੰਗੀ ਗਈ ਹੈ।

ਮਾਰਚ ਤੋਂ ਹੀ ਬੰਦ ਪਏ ਸਕੂਲਾਂ ਨੂੰ ਖੋਲ੍ਹਣ ਨੂੰ ਲੈ ਕੇ ਆਨਲਾਕ-4 'ਚ ਵੀ ਕੁਝ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਤਹਿਤ 21 ਸਤੰਬਰ ਤੋਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਕੂਲਾਂ 'ਚ 50 ਫ਼ੀਸਦੀ ਟੀਚਿੰਗ ਸਟਾਫ ਨੂੰ ਸਕੂਲ ਆਉਣ ਦੀ ਆਗਿਆ ਦੇ ਸਕਦੇ ਹਨ। ਇਸ ਦੌਰਾਨ ਨੌਵੀਂ ਤੋਂ 12ਵੀਂ ਤਕ ਦੇ ਵਿਦਿਆਰਥੀ ਮਾਪਿਆਂ ਦੀ ਸਹਿਮਤੀ ਤੋਂ ਬਾਅਦ ਅਧਿਆਪਕਾਂ ਦਾ ਮਾਰਗ ਦਰਸ਼ਨ ਲੈਣ ਸਕੂਲ ਜਾ ਸਕਣਗੇ। ਉਂਝ, ਸਕੂਲਾਂ, ਕੋਚਿੰਗ ਸਮੇਤ ਦੂਜੇ ਸਾਰੇ ਵਿੱਦਿਅਕ ਸੰਸਥਾਨਾਂ ਨੂੰ 30 ਸਤੰਬਰ ਤਕ ਬੰਦ ਰੱਖਿਆ ਗਿਆ ਹੈ। ਹਾਲਾਂਕਿ, ਦਿੱਲੀ ਸਰਕਾਰ ਨੇ ਇਸ ਵਿਚਾਲੇ ਆਪਣੇ ਸਕੂਲਾਂ ਨੂੰ ਪੰਜ ਅਕਤੂਬਰ ਤਕ ਬੰਦ ਰੱਖਣ ਦਾ ਐਲਾਨ ਕੀਤਾ ਹੈ।

ਇਸ ਵਿਚਾਲੇ, ਕੇਂਦਰੀ ਵਿਦਿਆਲਿਆ ਵੱਲੋਂ ਮਾਪਿਆਂ ਨੂੰ ਸਕੂਲ ਖੋਲ੍ਹਣ ਦੀ ਪੂਰੀ ਯੋਜਨਾ ਭੇਜੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਿਦਿਆਲੇ 21 ਸਤੰਬਰ ਤੋਂ ਮੁੜ ਖੁੱਲ੍ਹ ਰਹੇ ਹਨ। ਅਜਿਹੇ 'ਚ ਸਵੈ-ਇੱਛਾ ਨਾਲ ਆਪਣੇ ਬੱਚਿਆਂ ਨੂੰ ਸਕੂਲ ਭੇਜੋ। ਬੱਚਿਆਂ ਨੂੰ ਵਿਦਿਆਲੇ ਤੋਂ ਲਿਆਉਣ ਤੇ ਲਿਜਾਣ ਦੀ ਪੂਰੀ ਜ਼ਿੰਮੇਵਾਰੀ ਮਾਪਿਆਂ ਦੀ ਖ਼ੁਦ ਹੋਵੇਗੀ। ਬੱਚਿਆਂ ਦੇ ਸਕੂਲ ਆਉਣ ਦੀ ਜੋ ਯੋਜਨਾ ਭੇਜੀ ਗਈ ਹੈ, ਉਸ ਅਨੁਸਾਰ 11ਵੀਂ ਤੇ 12ਵੀਂ ਦੇ ਬੱਚਿਆਂ ਨੇ ਸਿਰਫ ਸੋਮਵਾਰ ਤੇ ਮੰਗਲਵਾਰ ਆਉਣਾ ਹੈ। 10ਵੀਂ ਦੇ ਬੱਚਿਆਂ ਨੇ ਬੁੁੱਧਵਾਰ ਤੇ ਵੀਰਵਾਰ ਤੇ 9ਵੀਂ ਦੇ ਬੱਚਿਆਂ ਨੇ ਸ਼ੁੱਕਰਵਾਰ-ਸ਼ਨਿਚਰਵਾਰ ਨੂੰ ਆਉਣਾ ਹੈ। ਬੱਚਿਆਂ ਨੂੰ ਲੰਚ ਤੇ ਪਾਣੀ ਦੀ ਬੋਤਲ ਨਾਲ ਮਾਸਕ ਤੇ ਸੈਨੇਟਾਈਜ਼ਰ ਵੀ ਲਾਜ਼ਮੀ ਤੌਰ 'ਤੇ ਆਉਣਾ ਪਵੇਗਾ।