ਅਨੁਰਾਗ ਅਗਰਵਾਲ, ਚੰਡੀਗੜ੍ਹ : ਕਿਸਾਨ ਹਿੱਤਾਂ ਦੇ ਪੈਰੋਕਾਰ ਰਹੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਨੇ 70-80 ਦੇ ਦਹਾਕੇ ਵਿਚ ਇਕਜੁਟ ਹੋ ਕੇ ਧਰਤੀ ਪੁੱਤਰਾਂ ਦੀ ਲੜਾਈ ਲੜੀ। ਹੁਣ ਤਿੰਨ ਦਹਾਕਿਆਂ ਤੋਂ ਬਾਅਦ ਉਨ੍ਹਾਂ ਦੇ ਵਾਰਿਸ ਇੱਕੋ ਮੰਚ 'ਤੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਹਰਿਆਣਾ ਵਿਚ ਮਹਾਗਠਜੋੜ ਦੀਆਂ ਸੰਭਾਵਨਾਵਾਂ ਨੇ ਇਕ ਵਾਰ ਫਿਰ ਜਨਮ ਲੈ ਲਿਆ ਹੈ। ਜੇਜੇਪੀ (ਜਨਨਾਇਕ ਜਨਤਾ ਪਾਰਟੀ) ਸਰਪ੍ਰਸਤ ਅਤੇ ਸਾਬਕਾ ਸੰਸਦ ਮੈਂਬਰ ਡਾ. ਅਜੈ ਚੌਟਾਲਾ ਦੇ ਤਿਹਾੜ ਤੋਂ ਬਾਹਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ, ਕਾਂਗਰਸ ਅਤੇ ਜੇਜੇਪੀ ਵਿਚ ਮਹਾਗਠਜੋੜ ਦੀਆਂ ਚਰਚਾਵਾਂ ਜ਼ੋਰ ਫੜ ਗਈਆਂ ਹਨ।

ਇਨ੍ਹਾਂ ਚਰਚਾਵਾਂ ਨੂੰ ਖ਼ੁਦ ਹਿਸਾਰ ਦੇ ਸੰਸਦ ਮੈਂਬਰ ਦੁਸ਼ਿਅੰਤ ਸਿੰਘ ਚੌਟਾਲਾ ਨੇ ਵੱਡਾ ਸਿਆਸੀ ਫ਼ੈਸਲਾ ਲੈ ਕੇ ਬਲ ਦਿੱਤਾ ਹੈ। ਦੁਸ਼ਿਅੰਤ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੀ ਮਥੁਰਾ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਰਾਸ਼ਟਰੀ ਲੋਕਦਲ ਉਮੀਦਵਾਰ ਕੁੰਵਰ ਨਰੇਂਦਰ ਸਿੰਘ ਲਈ ਜੈਅੰਤ ਚੌਧਰੀ ਨਾਲ ਪ੍ਰਚਾਰ ਕਰਨਗੇ। ਜੈਅੰਤ ਚੌਧਰੀ ਰਾਲੋਦ ਨੇਤਾ ਅਜੀਤ ਸਿੰਘ ਦੇ ਬੇਟੇ ਅਤੇ ਚੌਧਰੀ ਚਰਨ ਸਿੰਘ ਦੇ ਪੋਤਰੇ ਹਨ। ਦੁਸ਼ਿਅੰਤ ਚੌਧਰੀ ਦੇਵੀਲਾਲ ਦੇ ਪੜਪੋਤੇ ਹਨ।

ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਸਿਆਸਤ ਵਿਚ ਦੋਵਾਂ ਪਰਿਵਾਰਾਂ ਦੇ ਇੱਕੋ ਮੰਚ 'ਤੇ ਆਉਣ ਨੂੰ ਵੱਡਾ ਫ਼ੈਸਲਾ ਮੰਨਿਆ ਜਾ ਰਿਹਾ ਹੈ। ਦੁਸ਼ਿਅੰਤ ਨੇ ਰਾਲੋਦ ਉਮੀਦਵਾਰ ਲਈ ਮਥੁਰਾ ਵਿਚ 15 ਤੋਂ ਜ਼ਿਆਦਾ ਪਿੰਡਾਂ ਵਿਚ ਰੋਡ ਸ਼ੋਅ ਅਤੇ ਨੁੱਕੜ ਸਭਾਵਾਂ ਕਰਨ ਦਾ ਪ੍ਰਰੋਗਰਾਮ ਤੈਅ ਕੀਤਾ ਹੈ। ਜੈਅੰਤ ਚੌਧਰੀ ਅਤੇ ਦੁਸ਼ਿਅੰਤ ਵਿਚਾਲੇ ਪਿਛਲੇ ਤਿੰਨ-ਚਾਰ ਸਾਲਾਂ ਤੋਂ ਨੇੜਤਾ ਵਧੀ ਹੋਈ ਹੈ। ਇਨ੍ਹਾਂ ਦੋਵਾਂ ਸਿਆਸੀ ਘਰਾਣਿਆਂ ਨੂੰ ਫਿਰ ਤੋਂ ਇੱਕੋ ਮੰਚ 'ਤੇ ਲਿਆਉਣ ਦੀ ਕੋਸ਼ਿਸ਼ ਵੀ ਦੋਵੇਂ ਪਾਸਿਆਂ ਤੋਂ ਹੋਈ ਹੈ। ਬੇਸ਼ੱਕ ਇਸ ਦੀ ਸ਼ੁਰੂਆਤ ਦੁਸ਼ਿਅੰਤ ਕਰ ਰਹੇ ਹਨ, ਪਰ ਬਹੁਤ ਸੰਭਵ ਹੈ ਕਿ ਹਰਿਆਣਾ ਵਿਚ ਜੇਜੇਪੀ ਲਈ ਜੈਅੰਤ ਚੌਧਰੀ ਵੀ ਪ੍ਰਚਾਰ ਕਰਨ ਲਈ ਪਹੁੰਚੇ। ਉੱਤਰ ਪ੍ਰਦੇਸ਼ ਵਿਚ ਰਾਲੋਦ ਮਹਾਗਠਜੋੜ ਯਾਨੀ ਸਪਾ-ਬਸਪਾ ਨਾਲ ਮਿਲ ਕੇ ਹੀ ਚੋਣ ਲੜ ਰਿਹਾ ਹੈ।