ਨੂਹ/ਮੇਵਾਤ, ਜਾਗਰਣ ਪੱਤਰ ਪ੍ਰੇਰਕ: ਭਾਰਤੀ ਜਨਤਾ ਪਾਰਟੀ ਤੋਂ ਮੁਅੱਤਲ ਆਗੂ ਨੂਪੁਰ ਸ਼ਰਮਾ ਦੇ ਬਿਆਨ ਨੂੰ ਲੈ ਕੇ ਮਾਮਲਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ, ਹੁਣ ਨੂਹ ਦੇ ਇਕ ਵਿਅਕਤੀ ਨੇ ਨੂਪੁਰ ਸ਼ਰਮਾ ਦੀ ਜੀਭ ਕੱਟਣ ਵਾਲੇ ਨੂੰ ਦੋ ਕਰੋੜ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।ਇਕ ਵਿਅਕਤੀ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਵੀਡੀਓ ਜਾਰੀ ਕੀਤੀ, ਜਿਸ 'ਚ ਉਹ ਇਹ ਕਹਿੰਦੇ ਹੋਏ ਦਿਖਾਈ ਦੇ ਰਿਹਾ ਹੈ ਕਿ ਨੂਪੁਰ ਸ਼ਰਮਾ ਦੀ ਜੀਭ ਕੱਟਣ ਵਾਲੇ ਨੂੰ 2 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਹ ਅਤੇ ਨੂਹ ਦੇ ਲੋਕ ਇਹ ਇਨਾਮ ਦੇਣਗੇ। ਉਹ ਫਿਰ ਆਪਣੀ ਗੱਲ ਦੀ ਪੁਸ਼ਟੀ ਕਰਦੇ ਹੋਏ ਕਹਿ ਰਿਹਾ ਹੈ ਕਿ ਉਹ ਦੋ ਕਰੋੜ ਰੁਪਏ ਦੇਣਗੇ, ਜੋ ਵੀ ਉਸ ਦੀ ਜੀਭ ਕੱਟੇਗਾ, ਉਸ ਨੂੰ ਦੋ ਕਰੋੜ ਰੁਪਏ ਦਿੱਤੇ ਜਾਣਗੇ।

ਕੁਝ ਸਮੇਂ ਬਾਅਦ ਇਸ ਵੀਡੀਓ ਨੂੰ ਫੇਸਬੁੱਕ ਅਕਾਊਂਟ ਤੋਂ ਹਟਾ ਦਿੱਤਾ ਗਿਆ ਪਰ ਇਸ ਦੌਰਾਨ ਕੁਝ ਲੋਕਾਂ ਨੇ ਵੀਡੀਓ ਦੇ ਲਿੰਕ ਨੂੰ ਕਾਪੀ ਕਰਕੇ ਇੰਟਰਨੈੱਟ ਮੀਡੀਆ 'ਤੇ ਜਾਰੀ ਕਰ ਦਿੱਤਾ। ਉਸ ਤੋਂ ਬਾਅਦ ਹੌਲੀ-ਹੌਲੀ ਹੰਗਾਮਾ ਜਾਰੀ ਹੈ। ਹਰਿਆਣਾ ਪੁਲਿਸ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨੀ ਪਵੇਗੀ।

ਦੱਸਿਆ ਜਾ ਰਿਹਾ ਹੈ ਕਿ ਬਿਆਨ ਦੇਣ ਵਾਲਾ ਵਿਅਕਤੀ ਪ੍ਰਾਪਰਟੀ ਡੀਲਰ ਹੈ। ਐਸਪੀ ਦਫ਼ਤਰ ਦੇ ਬੁਲਾਰੇ ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਜੇਕਰ ਕੋਈ ਅਜਿਹੀ ਵੀਡੀਓ ਸਾਹਮਣੇ ਆਈ ਹੈ ਤਾਂ ਉਸ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਇੱਥੇ ਦੱਸ ਦੇਈਏ ਕਿ ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਭਾਜਪਾ ਨੇਤਾ ਨੂਪੁਰ ਸ਼ਰਮਾ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਉਹ ਪੂਰੇ ਦੇਸ਼ ਤੋਂ ਮੁਆਫੀ ਮੰਗੇ। ਸੁਪਰੀਮ ਕੋਰਟ ਨੇ ਸਾਫ਼ ਕਿਹਾ ਕਿ ਉਸ ਦੀ ਗੁੰਡਾਗਰਦੀ ਕਾਰਨ ਪੂਰੇ ਦੇਸ਼ ਵਿੱਚ ਅੱਗ ਲੱਗੀ ਹੋਈ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਉਹ ਉਦੈਪੁਰ ਵਿੱਚ ਵਾਪਰੀ ਮੰਦਭਾਗੀ ਘਟਨਾ ਲਈ ਕੁਝ ਹੱਦ ਤਕ ਜ਼ਿੰਮੇਵਾਰ ਸੀ, ਜਿੱਥੇ ਇਕ ਦਰਜ਼ੀ ਕਨ੍ਹਈਆ ਲਾਲ ਦੀ ਹੱਤਿਆ ਕਰ ਦਿੱਤੀ ਗਈ ਸੀ।

ਨੂਪੁਰ ਸ਼ਰਮਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਆਪਣੀ ਟਿੱਪਣੀ ਲਈ ਮੁਆਫੀ ਮੰਗੀ ਹੈ ਅਤੇ ਆਪਣਾ ਬਿਆਨ ਵਾਪਸ ਲੈ ਲਿਆ ਹੈ। ਇਸ 'ਤੇ ਸੁਪਰੀਮ ਕੋਰਟ ਨੇ ਕਿਹਾ ਕਿ ਨੂਪੁਰ ਸ਼ਰਮਾ ਨੂੰ ਟੀਵੀ 'ਤੇ ਜਾ ਕੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਸੀ।

Posted By: Sandip Kaur