ਜੇਐੱਨਐੱਨ, ਜੋਧਪੁਰ : ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸੁਰੱਖਿਆ 'ਚ ਸੰਨ੍ਹ ਲੱਗਣ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਜੋਧਪੁਰ ਦੇ ਸਰਕਟ ਹਾਊਸ 'ਚ ਉਨ੍ਹਾਂ ਨੂੰ ਮਿਲਣ ਇਕ ਨੌਜਵਾਨ ਸਰਕਟ ਹਾਊਸ ਦੀ ਕੰਧ ਟੱਪ ਕੇ ਪਹੁੰਚ ਗਿਆ। ਨੌਜਵਾਨ ਨੇ ਕੰਧ ਹੀ ਨਹੀਂ ਟੱਪੀ ਬਲਕਿ ਰਾਸ਼ਟਰਪਤੀ ਦੇ ਪੈਰ ਛੂਹਣ ਉਨ੍ਹਾਂ ਦੇ ਕੋਲ ਵੀ ਜਾ ਪੁੱਜਾ। ਅਜਿਹੇ 'ਚ ਸੁਰੱਖਿਆ ਏਜੰਸੀਆਂ ਦੀ ਪੋਲ ਖੁੱਲ੍ਹਦੀ ਨਜ਼ਰ ਆਈ। ਜਿਉਂ ਹੀ ਉਹ ਸ਼ੱਕੀ ਵਿਅਕਤੀ ਰਾਸ਼ਟਰਪਤੀ ਦੇ ਪੈਰ ਛੂਹਣ ਲੱਗਾ, ਪੁਲਿਸ ਦੇ ਇਕ ਅਧਿਕਾਰੀ ਦੀ ਉਸ 'ਤੇ ਨਜ਼ਰ ਪੈ ਗਈ।

ਫੜਿਆ ਗਿਆ ਵਿਅਕਤੀ ਦਿਨੇਸ਼ ਅਜਮੇਰ ਦਾ ਦੱਸਿਆ ਗਿਆ ਹੈ। ਪੁਲਿਸ ਨੇ ਉਸ ਨੂੰ ਘਟਨਾ ਤੋਂ ਬਾਅਦ ਹਿਰਾਸਤ 'ਚ ਲਿਆ ਤੇ ਉਸ ਤੋਂ ਪੁੱਛਗਿੱਛ ਜਾਰੀ ਹੈ। ਹਾਲਾਂਕਿ ਰਾਸ਼ਟਰਪਤੀ ਦੀ ਸੁਰੱਖਿਆ ਸਬੰਧੀ ਪੁਲਿਸ ਪ੍ਰਸ਼ਾਸਨ ਤੋਂ ਲੈ ਕੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਮੁਸਤੈਦ ਹਨ ਪਰ ਉਨ੍ਹਾਂ ਦੇ ਜੋਧਪੁਰ ਦੇ ਦੋ ਦਿਨਾ ਪਰਵਾਸ ਦੌਰਾਨ ਹੋਈ ਇਸ ਭੁੱਲ ਕਾਰਨ ਸੁਰੱਖਿਆ 'ਤੇ ਸਵਾਲ ਉੱਠਣੇ ਲਾਜ਼ਮੀ ਹਨ, ਜਦਕਿ ਸੁਰੱਖਿਆ ਦੇ ਨਾਂ 'ਤੇ ਆਮ ਜਨਤਾ ਨੂੰ ਸੜਕਾਂ 'ਤੇ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ। ਇਹ ਸ਼ੱਕੀ ਵਿਅਕਤੀ ਸਰਕਟ ਹਾਊਸ ਨਾਲ ਲਗਦੀ ਡਿਸਕਾਮ ਦਫ਼ਤਰ ਦੀ ਕੰਧ ਟੱਪ ਕੇ ਅੰਦਰ ਵੜਿਆ ਸੀ। ਫੜਿਆ ਗਿਆ ਵਿਅਕਤੀ ਦਿਨੇਸ਼ ਚੰਦ ਮਾਨਸਿਕ ਰੂਪ 'ਚ ਪਰੇਸ਼ਾਨ ਵੀ ਦੱਸਿਆ ਜਾ ਰਿਹਾ ਹੈ।

Posted By: Seema Anand