ਜੇਐੱਨਐੱਨ, ਪਾਨੀਪਤ : ਨੂਰਵਾਲਾ ਬਰਸਤ ਰੋਡ ਕ੍ਰਿਪਾਲ ਆਸ਼ਰਮ ਨੇੜੇ ਓਵਰਲੋਡ ਪ੍ਰਾਈਵੇਟ ਬੱਸ ਜੋਹੜ 'ਚ ਜਾ ਡਿੱਗੀ। ਬੱਸ 'ਚ ਕਰੀਬ 100 ਯਾਤਰੀ ਸਵਾਰ ਸਨ। ਦੋ ਦੀ ਮੌਤ ਹੋ ਗਈ ਜਦਕਿ 14 ਜ਼ਖ਼ਮੀ ਹੋ ਗਏ। ਯਾਤਰੀਆਂ ਦਾ ਚੀਕ-ਚਿਹਾੜਾ ਪੈ ਗਿਆ। ਹਾਦਸਾ ਬੱਸ ਚਾਲਕ ਨੂੰ ਹਾਰਟ ਅਟੈਕ ਆਉਣ ਕਾਰਨ ਵਾਪਰਿਆ।

ਸਵੇਰੇ ਕਰੀਬ ਸਾਢੇ ਨੌਂ ਵਜੇ ਇਕ ਪ੍ਰਾਈਵੇਟ ਬੱਸ ਬਰਸਤ ਪਿੰਡ ਤੋਂ ਪਾਨੀਪਤ ਆ ਰਹੀ ਸੀ। ਬੱਸ ਓਵਰਲੋਡ ਸੀ ਤੇ ਉਸ ਵਿਚ ਕਰੀਬ ਸੌ ਯਾਤਰੀ ਸਵਾਰ ਸਨ। ਕੁਝ ਯਾਤਰੀ ਬੱਸ ਦੀ ਛਤ 'ਤੇ ਵੀ ਬੈਠੇ ਸਨ। ਬੱਸ ਨੂੰ ਕਰਨਾਲ ਦੇ ਕਲਹੇੜੀ ਪਿੰਡ ਦਾ ਰਹਿਣ ਵਾਲਾ 33 ਸਾਲਾ ਮੁਕੇਸ਼ ਚਲਾ ਰਿਹਾ ਸੀ। ਨੂਰਵਾਲਾ ਬਰਸਤ ਰੋਡ ਕ੍ਰਿਪਾਲ ਆਸ਼ਰਮ ਭੈਂਸਵਾਲ ਮੋੜ ਨੇੜੇ ਡਰਾਈਵਰ ਨੂੰ ਹਾਰਟ ਅਟੈਕ ਆ ਗਿਆ। ਬੱਸ ਅਸੰਤੁਲਿਤ ਹੋ ਕੇ ਇਕ ਤਲਾਬ 'ਚ ਜਾ ਡਿੱਗੀ। ਲੋਕ ਮਦਦ ਲਈ ਦੌੜੇ। ਹਾਈਵੇਅ 'ਤੇ ਜਾਮ ਲੱਗ ਗਿਆ।

ਬੱਸ ਦੇ ਸ਼ੀਸ਼ੇ ਤੋੜ ਕੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਡਰਾਈਵਰ ਮੁਕੇਸ਼ ਸਮੇਤ ਚੰਦੌਲੀ ਪਿੰਡ ਦੇ 62 ਸਾਲਾ ਧਨਰਾਜ ਦੀ ਮੌਕੇ 'ਤੇ ਮੌਤ ਹੋ ਗਈ। ਦੋ ਕ੍ਰੇਨਾਂ ਨਾਲ ਬੱਸ ਬਾਹਰ ਕੱਢੀ ਗਈ। ਸਿਵਲ ਹਸਪਤਾਲ 'ਚ 14 ਜ਼ਖ਼ਮੀਆਂ ਨੂੰ ਭਰਤੀ ਕਰਵਾਇਆ ਗਿਆ। ਡੀਸੀ ਸੁਮੇਧਾ ਕਟਾਰੀਆ ਜ਼ਖ਼ਮੀਆਂ ਦਾ ਹਾਲ ਜਾਣਨ ਸਿਵਲ ਹਸਪਤਾਲ ਪਹੁੰਚੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਕਰਵਾਏਗੀ।

Posted By: Seema Anand