ਨਵੀਂ ਦਿੱਲੀ (ਆਈਏਐੱਨਐੱਸ) : ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪਰਵਾਸੀ ਕਿਰਤੀਆਂ ਨੂੰ ਉਨ੍ਹਾਂ ਦੇ ਪਿੱਤਰੀ ਸੂਬੇ ਪਹੁੰਚਾਉਣ ਲਈ ਹੁਣ ਤਕ 3,000 ਤੋਂ ਜ਼ਿਆਦਾ ਸ਼੍ਮਿਕ ਟਰੇਨਾਂ ਦਾ ਸੰਚਾਲਨ ਹੋਇਆ ਹੈ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਜ਼ਦੂਰਾਂ ਦੀ ਸਹਾਇਤਾ ਲਈ ਵੱਖ-ਵੱਖ ਸੂਬਿਆਂ ਤੋਂ ਹੋਰ ਸਹਿਯੋਗ ਦੀ ਅਪੀਲ ਵੀ ਕੀਤੀ।

ਸ਼੍ਮਿਕ ਸਪੈਸ਼ਲ ਟਰੇਨਾਂ ਦਾ ਲੇਖਾ-ਜੋਖਾ ਕਰਦਿਆਂ ਕੇਂਦਰੀ ਮੰਤਰੀ ਨੇ ਇਕ ਵਾਰ ਫਿਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ 'ਤੇ ਨਿਸ਼ਾਨਾ ਵਿੰਨਿ੍ਆ। ਉਨ੍ਹਾਂ ਨੇ ਕਿਹਾ, 'ਮਹਾਰਾਸ਼ਟਰ ਤੋਂ 125 ਟਰੇਨਾਂ ਦੀ ਸੂਚੀ ਕਿਥੇ ਹੈ? ਰਾਤ ਦੇ ਦੋ ਵਜੇ ਤਕ ਮਹਾਰਾਸ਼ਟਰ ਸਰਕਾਰ ਵੱਲੋਂ 46 ਟਰੇਨਾਂ ਦੀ ਹੀ ਸੂਚੀ ਮਿਲੀ। ਇਨ੍ਹਾਂ ਵਿਚੋਂ ਪੰਜ ਟਰੇਨਾਂ ਤੂਫ਼ਾਨ ਪ੍ਰਭਾਵਿਤ ਬੰਗਾਲ ਤੇ ਓਡੀਸ਼ਾ ਲਈ ਸਨ, ਜਿਨ੍ਹਾਂ ਨੂੰ ਸੰਚਾਲਿਤ ਨਹੀਂ ਕੀਤਾ ਜਾ ਸਕਦਾ ਹੈ। 125 ਟਰੇਨਾਂ ਲਈ ਤਿਆਰ ਹੋਣ ਦੇ ਬਾਵਜੂਦ ਅਸੀਂ ਸੋਮਵਾਰ ਨੂੰ ਮਹਾਰਾਸ਼ਟਰ ਤੋਂ ਸਿਰਫ 41 ਟਰੇਨਾਂ ਨੋਟੀਫਾਈ ਕਰ ਸਕੇ।' ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਤੇ ਰੇਲ ਮੰਤਰੀ ਪੀਊਸ਼ ਗੋਇਲ ਵਿਚਾਲੇ ਤਕਰਾਰ ਦੀ ਸ਼ੁਰੂਆਤ ਐਤਵਾਰ ਨੂੰ ਉਸ ਸਮੇਂ ਹੋਈ ਸੀ, ਜਦੋਂ ਠਾਕਰੇ ਨੇ ਵੈੱਬਸਾਈਟ ਰਾਹੀਂ ਸੂਬੇ ਦੀ ਜਨਤਾ ਨਾਲ ਗੱਲ ਕਰਦਿਆਂ ਸੀ ਕਿ ਰੇਲਵੇ ਨੇ ਮਹਾਰਾਸ਼ਟਰ ਨੂੰ ਉਸ ਦੀ ਮੰਗ ਅਨੁਸਾਰ ਢੁੱਕਵੀਆਂ ਸ਼੍ਮਿਕ ਟਰੇਨਾਂ ਉਪਲੱਬਧ ਨਹੀਂ ਕਰਵਾਈਆਂ ਹਨ। ਉਨ੍ਹਾਂ ਨੇ ਰੇਲਵੇ ਨੂੰ 200 ਟਰੇਨਾਂ ਲਈ ਕਿਰਤੀਆਂ ਦੀ ਸੂਚੀ ਸੌਂਪਣ ਦਾ ਵੀ ਦਾਅਵਾ ਕੀਤਾ ਸੀ। ਇਸ 'ਤੇ ਪਲਟਵਾਰ ਕਰਦਿਆਂ ਰੇਲ ਮੰਤਰੀ ਨੇ ਟਵੀਟ ਕਰ ਕੇ ਕਿਹਾ ਸੀ ਕਿ ਸੂਬਾ ਸਰਕਾਰ ਕਿਰਤੀਆਂ ਦਾ ਵੇਰਵਾ ਉਪਲੱਬਧ ਕਰਵਾਏ ਤਾਂ ਰੇਲਵੇ ਮਹਾਰਾਸ਼ਟਰ ਤੋਂ 125 ਟਰੇਨਾਂ ਚਲਾਉਣ ਲਈ ਤਿਆਰ ਹੈ।

ਇਸ ਵਿਚਾਲੇ, ਉੱਤਰ ਰੇਲਵੇ ਦੇ ਚੀਫ ਪਬਲਿਕ ਰਿਲੇਸ਼ਨ ਅਫਸਰ ਸ਼ਿਵਾਜੀ ਸੁਤਾਰ ਨੇ ਦੱਸਿਆ ਕਿ ਮਹਾਰਾਸ਼ਟਰ ਤੋਂ ਹੁਣ ਤਕ 557 ਸ਼੍ਮਿਕ ਟਰੇਨਾਂ ਦਾ ਸੰਚਾਲਨ ਹੋਇਆ ਹੈ। ਇਨ੍ਹਾਂ 'ਚੋਂ 7.70 ਲੱਖ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਹੁੰਚ ਸਥਾਨ ਤਕ ਪਹੁੰਚਾਇਆ ਗਿਆ ਹੈ।

Posted By: Rajnish Kaur