ਨਵੀਂ ਦਿੱਲੀ (ਪੀਟੀਆਈ) : ਉੱਤਰੀ ਭਾਰਤ ਦੇ ਲੋਕਾਂ ਨੂੰ ਪ੍ਰਚੰਡ ਗਰਮੀ ਤੋਂ 28 ਮਈ ਤੋਂ ਬਾਅਦ ਥੋੜ੍ਹੀ ਰਾਹਤ ਮਿਲ ਸਕਦੀ ਹੈ। 29 ਤੇ 30 ਮਈ ਨੂੰ ਇਸ ਖੇਤਰ ਵਿਚ ਧੂੜ ਭਰੀਆਂ ਹਨੇਰੀਆਂ ਦੇ ਨਾਲ ਹੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਦਿੱਲੀ, ਰਾਜਸਥਾਨ, ਹਰਿਆਣਾ, ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਕਹਿਰ ਦੀ ਗਰਮੀ ਪੈ ਰਹੀ ਹੈ। ਪਾਰਾ 45 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਗਿਆ ਹੈ। ਆਈਐੱਮਡੀ ਨੇ ਐਤਵਾਰ ਨੂੰ ਉੱਤਰੀ ਭਾਰਤ ਲਈ ਰੈੱਡ ਅਲਰਟ ਜਾਰੀ ਕਰਦੇ ਹੋਏ ਕਿਹਾ ਸੀ ਕਿ 25-26 ਮਈ ਨੂੰ ਹੋਰ ਤੇਜ਼ ਗਰਮੀ ਪੈ ਸਕਦੀ ਹੈ। ਆਈਐੱਮਡੀ ਦੇ ਖੇਤਰੀ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਪੱਛਮੀ ਗੜਬੜੀ ਵਾਲੀਆਂ ਹਵਾਵਾਂ ਕਾਰਨ 29-30 ਮਈ ਨੂੰ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਧੂੜ ਭਰੀਆਂ ਹਨੇਰੀਆਂ ਚੱਲਣ ਦੇ ਨਾਲ ਹੀ ਗਰਜ ਨਾਲ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦਾ ਅਨੁਮਾਨ ਹੈ, ਇਸ ਨਾਲ ਤਪਦੀ ਗਰਮੀ ਤੋਂ ਰਾਹਤ ਮਿਲੇਗੀ।

ਆਈਐੱਮਡੀ ਨੇ ਆਪਣੇ ਰੋਜ਼ਾਨਾ ਦੇ ਬੁਲੇਟਿਨ ਵਿਚ ਕਿਹਾ ਕਿ ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼ ਅਤੇ ਵਿਦਰਭ ਦੇ ਖੇਤਰ 'ਚ 25-27 ਮਈ ਦੌਰਾਨ ਗਰਮ ਹਵਾਵਾਂ ਚੱਲਣਗੀਆਂ ਅਤੇ ਕਿਤੇ-ਕਿਤੇ ਕਹਿਰ ਦੀ ਗਰਮੀ ਪੈਣ ਦੀ ਵੀ ਸੰਭਾਵਨਾ ਹੈ। ਪੰਜਾਬ, ਓਡੀਸ਼ਾ ਦੇ ਅੰਦਰੂਨੀ ਖੇਤਰਾਂ, ਗੁਜਰਾਤ, ਮੱਧ ਮਹਾਰਾਸ਼ਟਰ, ਮਰਾਠਵਾੜਾ, ਆਂਧਰ ਪ੍ਰਦੇਸ਼ ਦੇ ਅੰਦਰੂਨੀ ਖੇਤਰਾਂ, ਤੇਲੰਗਾਨਾ, ਬਿਹਾਰ ਅਤੇ ਝਾਰਖੰਡ ਵਿਚ ਵੀ ਅਗਲੇ ਦੋ ਤੋਂ ਤਿੰਨ ਦਿਨਾਂ ਤਕ ਤਪਦੀ ਗਰਮੀ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ। ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ, ਮੱਧ ਭਾਰਤ ਅਤੇ ਪੂਰਬੀ ਭਾਰਤ ਦੇ ਅੰਦਰੂਨੀ ਖੇਤਰਾਂ ਵਿਚ ਚੱਲਣ ਵਾਲੀਆਂ ਖੁਸ਼ਕ ਉੱਤਰ-ਪੱਛਮੀ ਹਵਾਵਾਂ ਕਾਰਨ ਇਨ੍ਹਾਂ ਖੇਤਰਾਂ ਵਿਚ 28 ਮਈ ਤੋਂ ਪਹਿਲਾਂ ਗਰਮੀ ਆਪਣੇ ਸਿਖਰ 'ਤੇ ਹੋਵੇਗੀ।

Posted By: Seema Anand