ਜਾਗਰਣ ਬਿਊਰੋ, ਨਵੀਂ ਦਿੱਲੀ : ਅਯੁੱਧਿਆ ਅੰਦੋਲਨ ਸਹਾਰੇ ਸਿਆਸਤ ਤੇ ਭਾਜਪਾ ਨੂੰ ਨਵੀਂ ਧਾਰ ਦੇਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਇਕ ਪਹਿਲਾਂ ਹੀ 92ਵਾਂ ਜਨਮਦਿਨ ਮਨਾਇਆ। ਅਯੁੱਧਿਆ ਅੰਦੋਲਨ ਨੂੰ ਸਿਆਸਤ ਦੀ ਧੁਰੀ ਬਣਾ ਕੇ ਮਹਿਜ਼ ਪੰਜ ਸਾਲ 'ਚ ਭਾਜਪਾ ਨੂੰ ਲੋਕ ਸਭਾ 'ਚ ਦੋ ਸੰਸਦ ਮੈਂਬਰਾਂ ਤੋਂ 86 ਸੰਸਦ ਮੈਂਬਰਾਂ ਦੀ ਪਾਰਟੀ ਬਣਾਉਣ ਵਾਲੇ ਅਡਵਾਨੀ ਇਸ ਦੀ ਸਫਲਤਾ ਦੇ ਗਵਾਹ ਬਣੇ। ਜਨ ਸੰਘ ਦੀ ਸਥਾਪਨਾ ਸਮੇਂ ਤੋਂ ਹੀ ਜੁੜੇ ਤੇ ਭਾਜਪਾ ਦੇ ਸੰਸਥਾਪਕ ਮੈਂਬਰ ਅਡਵਾਨੀ 'ਤੇ ਵਿਵਾਦਤ ਢਾਂਚੇ ਦੇ ਢਾਹੁਣ ਦੀ ਸਾਜ਼ਿਸ਼ ਰਚਣ ਦਾ ਵੀ ਦੋਸ਼ ਲੱਗਾ ਤੇ ਇਸ ਮਾਮਲੇ 'ਚ ਸੀਬੀਆਈ ਨੇ ਉਨ੍ਹਾਂ ਖ਼ਿਲਾਫ਼ ਅਦਾਲਤ 'ਚ ਦੋਸ਼ ਪੱਤਰ ਵੀ ਦਾਖ਼ਲ ਕੀਤਾ। ਵਿਹਿਪ ਸਮੇਤ ਸੰਘ ਪਰਿਵਾਰ ਭਾਵੇਂ ਹੀ ਅਯੁੱਧਿਆ ਲਈ ਸਾਧੂ-ਸੰਤਾਂ ਤੇ ਹੋਰ ਲੋਕਾਂ ਨੂੰ ਜੋੜਨ 'ਚ ਡਟਿਆ ਰਿਹਾ ਹੋਵੇ ਪਰ ਇਸ ਮੁੱਦੇ ਨੂੰ ਆਮ ਲੋਕਾਂ ਤਕ ਪਹੁੰਚਾਉਣ ਦਾ ਕੰਮ ਅਡਵਾਨੀ ਨੇ ਆਪਣੀ ਰਥ ਯਾਤਰਾ ਬਦੌਲਤ ਕੀਤਾ। 1990 'ਚ ਗੁਜਰਾਤ ਦੇ ਸੋਮਨਾਥ ਤੋਂ ਸ਼ੁਰੂ ਹੋਈ ਉਨ੍ਹਾਂ ਦੀ ਰਥ ਯਾਤਰਾ ਭਾਵੇਂ ਹੀ ਵਿਚਾਲੇ ਹੀ ਬਿਹਾਰ ਦੇ ਤੱਤਕਾਲੀ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੇ ਰੋਕ ਲਈ ਹੋਵੇ ਪਰ ਇਸ ਦੀ ਬਦੌਲਤ ਭਾਜਪਾ 1991 ਦੀਆਂ ਚੋਣਾਂ 'ਚ 120 ਸੀਟਾਂ ਜਿੱਤਣ 'ਚ ਸਫਲ ਰਹੀ। 1992 'ਚ ਬਾਬਰੀ ਮਸਜਿਦ ਢਾਹੁਣ ਵੇਲੇ ਖ਼ੁਦ ਮੰਚ 'ਤੇ ਹਾਜ਼ਰ ਸਨ, ਇਸ ਕਾਰਨ ਸੀਬੀਆਈ ਨੇ ਅਪਰਾਧਕ ਸਾਜ਼ਿਸ਼ 'ਚ ਉਨ੍ਹਾਂ ਨੂੰ ਮੁਲਜ਼ਮ ਬਣਾਇਆ। ਬਾਬਰੀ ਮਸਜਿਦ ਢਾਹੁਣ ਦੀ ਨਿੰਦਾ ਕਰਦਿਆਂ ਵੀ ਅਡਵਾਨੀ ਨੇ ਕਦੇ ਵੀ ਰਾਮ ਮੰਦਰ ਨਿਰਮਾਣ ਦੇ ਸੰਕਲਪ ਨੂੰ ਪਿੱਛੇ ਨਹੀਂ ਪੈਣ ਦਿੱਤਾ, ਬਲਕਿ ਇਸ ਨੂੰ ਬਕਾਇਦਾ ਭਾਜਪਾ ਦੇ ਚੋਣ ਐਲਾਨ ਪੱਤਰ ਦਾ ਹਿੱਸਾ ਬਣਾ ਦਿੱਤਾ ਤੇ 1996 'ਚ ਭਾਜਪਾ ਲੋਕ ਸਭਾ 'ਚ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ।