ਜਾਗਰਣ ਬਿਊਰੋ, ਨਵੀਂ ਦਿੱਲੀ : ਜਲ ਸੈਨਾ ਨੇ ਅੰਡੇਮਾਨ-ਨਿਕੋਬਾਰ ਦੇ ਭਾਰਤੀ ਵਿਸ਼ੇਸ਼ ਸਮੁੰਦਰੀ ਆਰਥਿਕ ਖੇਤਰ ਵਿਚ ਦਾਖ਼ਲ ਹੋਣ ਵਾਲੇ ਚੀਨ ਦੇ ਇਕ ਜਹਾਜ਼ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ।

ਚੀਨ ਦੇ ਇਸ ਸਮੁੰਦਰੀ ਸ਼ੋਧ ਅਧਿਐਨ ਜਹਾਜ਼ 'ਸ਼ੀ ਯਾਨ-ਵਨ' ਬਿਨਾਂ ਪ੍ਰਵਾਨਗੀ ਆਉਣ 'ਤੇ ਜਲ ਸੈਨਾ ਨੇ ਸਖ਼ਤ ਸੰਦੇਸ਼ ਦਿੰਦਿਆਂ ਤੁਰੰਤ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। 2017 ਵਿਚ ਭਾਰਤੀ ਥਲ ਸੈਨਾ ਨੇ ਵੀ ਡੋਕਲਾਮ ਵਿਚ 73 ਦਿਨਾਂ ਦੇ ਤਣਾਅ ਤੋਂ ਬਾਅਦ ਚੀਨੀ ਫ਼ੌਜ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਸੀ।

ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਆਪਣੀ ਸਾਲਾਨਾ ਪ੍ਰੈੱਸ ਕਾਨਫਰੰਸ ਦੌਰਾਨ ਚੀਨੀ ਜਹਾਜ਼ ਦੇ ਸਮੁੰਦਰੀ ਸੀਮਾ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਨਾਲ ਜੁੜੇ ਇਕ ਸਵਾਲ ਦਾ ਜਵਾਬ ਦਿੰਦਿਆਂ ਇਸ ਘਟਨਾ ਦੀ ਪੁਸ਼ਟੀ ਕੀਤੀ। ਜਲ ਸੈਨਾ ਨੇ ਸਤੰਬਰ ਵਿਚ ਇਸ ਚੀਨੀ ਜਹਾਜ਼ ਨੂੰ ਪੋਰਟ ਬਲੇਅਰ ਨੇੜੇ ਸਮੁੰਦਰੀ ਇਲਾਕੇ ਵਿਚ ਸ਼ੱਕੀ ਹਰਕਤ ਕਰਦਿਆਂ ਦੇਖਦਿਆਂ ਹੀ ਤੁਰੰਤ ਜਾਣ ਦੀ ਚਿਤਾਵਨੀ ਦੇ ਦਿੱਤੀ ਸੀ।

ਜਲ ਸੈਨਾ ਦੀ ਚੌਕਸੀ ਤੇ ਸਖ਼ਤ ਚਿਤਾਵਨੀ ਪਿੱਛੋਂ ਚੀਨੀ ਜਹਾਜ਼ ਉੱਥੋਂ ਚਲੇ ਗਿਆ। ਐਡਮਿਰਲ ਕਰਮਬੀਰ ਸਿੰਘ ਨੇ ਕਿਹਾ, 'ਸਾਡਾ ਰੁਖ਼ ਸਾਫ਼ ਹੈ। ਜੇ ਤੁਸੀਂ ਸਾਡੇ ਵਿਸ਼ੇਸ਼ ਆਰਥਿਕ ਜ਼ੋਨ ਵਿਚ ਕੰਮ ਕਰਨਾ ਹੈ ਤਾਂ ਪਹਿਲਾਂ ਤੁਹਾਨੂੰ ਸੂਚਨਾ ਦੇਣੀ ਪਵੇਗੀ ਤੇ ਫਿਰ ਸਾਡੇ ਤੋਂ ਪ੍ਰਵਾਨਗੀ ਲੈਣੀ ਪਵੇਗੀ।'

ਚੀਨੀ ਜਹਾਜ਼ਾਂ 'ਤੇ ਲਗਾਤਾਰ ਨਜ਼ਰ

ਹਿੰਦ ਮਹਾਸਾਗਰ 'ਚ ਚੀਨੀ ਜਲ ਸੈਨਾ ਦੀ ਸਰਗਰਮੀ ਦੇ ਸਵਾਲ 'ਤੇ ਐਡਮਿਰਲ ਕਰਮਬੀਰ ਸਿੰਘ ਨੇ ਕਿਹਾ ਕਿ ਚੀਨ 2008 ਤੋਂ ਹੀ ਹਿੰਦ ਮਹਾਸਾਗਰ 'ਚ ਮੌਜੂਦ ਹੈ। ਅਸੀਂ ਲਗਾਤਾਰ ਉਨ੍ਹਾਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖੀ ਹੋਈ ਹੈ। ਭਾਰਤੀ ਜਲ ਸੈਨਾ ਨੇ ਏਸੇ ਲਈ 2008 ਤੋਂ ਬਾਅਦ ਚੌਕਸੀ ਕਾਫ਼ੀ ਵਧਾ ਦਿੱਤੀ ਹੈ।

ਅਭਿਆਸ 'ਚ ਆਪਣੇ ਮਿਜ਼ਾਜ ਵਾਲੇ ਦੇਸ਼ਾਂ ਨੂੰ ਸੱਦਿਆ

ਜਲ ਸੈਨਾ ਮੁਖੀ ਨੇ ਕਿਹਾ, 'ਸਾਡੇ ਸੀ-ਵਿਜਿਲ ਅਭਿਆਸ ਦਾ ਮਕਸਦ ਵੀ ਚੌਕਸੀ ਵਧਾਉਣਾ ਹੀ ਹੈ।' ਭਾਰਤੀ ਜਲ ਸੈਨਾ ਦੇ ਅਗਲੇ ਸਾਲ ਹੋਣ ਵਾਲੇ 'ਮਿਸ਼ਨ ਅਭਿਆਸ' 'ਚ ਚੀਨ ਨੂੰ ਨਾ ਸੱਦਣ ਦੇ ਸਵਾਲ 'ਤੇ ਜਲ ਸੈਨਾ ਮੁਖੀ ਨੇ ਕਿਹਾ ਕਿ ਅਸੀਂ ਸਿਰਫ਼ ਆਪਣੇ ਮਿਜ਼ਾਜ ਦੇ 41 ਦੇਸ਼ਾਂ ਦੀ ਜਲ ਸੈਨਾ ਨੂੰ ਇਸ ਵਿਚ ਸ਼ਾਮਲ ਕੀਤਾ ਹੈ।

ਅਲਕਾਇਦਾ ਵਰਗੀ ਅੱਤਵਾਦੀ ਜਮਾਤ ਵੱਲੋਂ ਸਮੁੰਦਰੀ ਰਸਤੇ ਹਮਲਾ ਕਰਨ ਦੇ ਖ਼ਤਰਿਆਂ ਦੀਆਂ ਖ਼ੁਫ਼ੀਆ ਸੂਚਨਾਵਾਂ 'ਤੇ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਇਸ ਸਬੰਧੀ ਪੂਰੀ ਤਰ੍ਹਾਂ ਚੌਕਸ ਹਾਂ ਤੇ ਅਜਿਹੀ ਕਿਸੇ ਜਮਾਤ ਦੀ ਹਿਮਾਕਤ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।