ਨਵੀਂ ਦਿੱਲੀ (ਪੀਟੀਆਈ) : ਰਾਸ਼ਟਰੀ ਮਹਿਲਾ ਕਮਿਸ਼ਨ (ਐੱਸਸੀਡਬਲਯੂ) ਦਾ ਕਹਿਣਾ ਹੈ ਕਿ ਦੇਸ਼ ਭਰ 'ਚ ਤੇਜ਼ਾਬ ਨਾਲ ਹਮਲੇ ਦੇ 1273 ਮਾਮਲਿਆਂ 'ਚੋਂ 799 ਮਾਮਲਿਆਂ 'ਚ ਪੀੜਤਾਂ ਨੂੰ ਹੁਣ ਤਕ ਮੁਆਵਜ਼ਾ ਨਹੀਂ ਮਿਲਿਆ। ਮਹਿਲਾ ਕਮਿਸ਼ਨ ਨੇ 24 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਹੋਈ ਆਨਲਾਈਨ ਬੈਠਕ 'ਚ ਇਨ੍ਹਾਂ ਮਾਮਲਿਆਂ ਬਾਰੇ ਤੁਰੰਤ ਧਿਆਨ ਦੀ ਮੰਗ ਕੀਤੀ ਹੈ।

ਇਨ੍ਹਾਂ ਸੂਬਿਆਂ ਦੇ ਨੁਮਾਇੰਦਿਆਂ ਨਾਲ ਹੋਈ ਬੈਠਕ 'ਚ ਕਮਿਸ਼ਨ ਦੀ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਮਆਈਐੱਸ) ਦੀ ਵੈੱਬਸਾਈਟ 'ਤੇ ਦਰਜ ਤੇਜ਼ਾਬ ਦੇ ਹਮਲਿਆਂ ਦੇ ਮਾਮਲਿਆਂ 'ਤੇ ਚਰਚਾ ਤੇ ਸਮੀਖਿਆ ਹੋਈ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਤੇਜ਼ਾਬ ਦੇ ਹਮਲੇ 'ਚ ਜ਼ਿੰਦਾ ਬਚੀਆਂ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੀ ਅਦਾਇਗੀ ਨਾ ਕੀਤੇ ਜਾਣ ਦੇ ਮਾਮਲਿਆਂ 'ਤੇ ਚਿੰਤਾ ਜ਼ਾਹਿਰ ਕੀਤੀ ਹੈ। 20 ਅਕਤੂਬਰ ਤਕ ਪ੍ਰਾਪਤ ਅੰਕੜਿਆਂ ਮੁਤਾਬਕ ਦੇਸ਼ 'ਚ ਐਸਿਡ ਅਟੈਕ ਦੇ 1273 ਮਾਮਲਿਆਂ 'ਚੋਂ ਕੁਲ 474 ਮਾਮਲਿਆਂ 'ਚ ਹੀ ਪੀੜਤਾਂ ਨੂੰ ਮੁਆਵਜ਼ਾ ਮਿਲਿਆ। ਕਮਿਸ਼ਨ ਦੇ ਮਹੀਨਾਵਾਰ ਨਿਊਜ਼ ਲੈਟਰ ਮੁਤਾਬਕ ਪੀੜਤਾਂ ਨੂੰ ਪਹੁੰਚੀ ਸੱਟ ਦੇ ਆਧਾਰ 'ਤੇ ਮੁਆਵਜ਼ਾ ਰਾਸ਼ੀ ਤਿੰਨ ਲੱਖ ਰੁਪਏ ਤੋਂ ਅੱਠ ਲੱਖ ਰੁਪਏ ਵਿਚਾਲੇ ਦਿੱਤੀ ਜਾਂਦੀ ਹੈ। ਸ਼ਰਮਾ ਨੇ ਇਹ ਵੀ ਕਿਹਾ ਕਿ ਐੱਮਆਈਐੱਸ ਦਾ ਡਾਟਾ ਪੂਰੀ ਤਰ੍ਹਾਂ ਨਾਲ ਅਪਡੇਟ ਨਹੀਂ ਹੈ। ਉਨ੍ਹਾਂ ਇਹ ਮਾਮਲਾ ਸੂਬੇ ਦੇ ਮੁੱਖ ਸਕੱਤਰਾਂ ਦੇ ਸਾਹਮਣੇ ਚੁੱਕਿਆ ਹੈ।

Posted By: Sunil Thapa