ਜੇਐੱਨਐੱਨ, ਹਰਿਦੁਆਰ : ਪੰਜਾਬ ਦੇ ਅੰਮਿ੍ਤਸਰ ਤੋਂ ਦੋ ਨਾਬਾਲਿਗ ਲੜਕੀਆਂ ਨੂੰ ਅਗਵਾ ਕਰ ਕੇ ਭੀਖ ਮੰਗਵਾਉਣ ਲਈ ਹਰਿਦੁਆਰ ਪੁੱਜੇ ਮੁਲਜ਼ਮ ਨੂੰ ਸ਼ਹਿਰ ਕੋਤਵਾਲੀ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ। ਰੇਲਵੇ ਸਟੇਸ਼ਨ ਨੇੜੇ ਭੀਖ ਮੰਗ ਰਹੀਆਂ ਦੋਵੇਂ ਲੜਕੀਆਂ ਨੇ ਮੁਕਤ ਹੋਣ ਦੇ ਬਾਅਦ ਪੂਰੀ ਕਹਾਣੀ ਦੱਸੀ ਤਾਂ ਪੁਲਿਸ ਵੀ ਹੈਰਾਨ ਰਹਿ ਗਈ। ਪੁਲਿਸ ਨੇ ਮੁਲਜ਼ਮ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਸੀਓ ਸਿਟੀ ਅਭੈ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼ਹਿਰ ਕੋਤਵਾਲੀ ਅਮਰਜੀਤ ਸਿੰਘ ਦੀ ਅਗਵਾਈ 'ਚ ਹਰਿਦੁਆਰ ਕੋਤਵਾਲੀ ਤੇ ਐਂਟੀ ਹਿਊਮਨ ਟ੍ਰੈਫਿਕਿੰਗ ਸੈੱਲ ਦੀ ਇਕ ਸਾਂਝੀ ਟੀਮ ਅਗਵਾ ਬੱਚਿਆਂ ਦੀ ਭਾਲ 'ਚ ਗਸ਼ਤ ਕਰ ਰਹੀ ਸੀ। ਪੁਲਿਸ ਨੂੰ ਰੇਲਵੇ ਸਟੇਸ਼ਨ ਨੇੜੇ ਦੋ ਲੜਕੀਆਂ ਡਰੀਆਂ ਸਹਿਮੀਆਂ ਨਜ਼ਰ ਆਈਆਂ।

ਪੁਲਿਸ ਨੇ ਭਰੋਸੇ 'ਚ ਲੈ ਕੇ ਪਿਆਰ ਨਾਲ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਉਦੋਂ ਲੜਕੀਆਂ ਨੇ ਦੂਰ ਖੜ੍ਹੇ ਇਕ ਵਿਅਕਤੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅੰਮਿ੍ਤਸਰ ਤੋਂ ਉਹ ਭੀਖ ਮੰਗਵਾਉਣ ਲਈ ਉਨ੍ਹਾਂ ਨੂੰ ਹਰਿਦੁਆਰ ਲਿਆਇਆ ਹੈ। ਟੀਮ ਨੇ ਉਸ ਨੂੰ ਫੜ ਲਿਆ। ਪੁੱਛਗਿੱਛ 'ਚ ਮੁਲਜ਼ਮ ਨੇ ਆਪਣਾ ਨਾਂ ਸ਼ੰਕਰ ਸਿੰਘ ਵਾਸੀ ਗੁੱਜਰਪੁਰਾ, ਅੰਮਿ੍ਤਸਰ ਦੱਸਿਆ। ਉਸ ਨੇ ਸਵੀਕਾਰ ਕੀਤਾ ਕਿ ਉਹ ਦੋਵੇਂ ਲੜਕੀਆਂ ਦੇ ਪਰਿਵਾਰ ਨੂੰ ਦੱਸੇ ਬਗ਼ੈਰ ਉਨ੍ਹਾਂ ਨੂੰ ਭੀਖ ਮੰਗਵਾਉਣ ਲਈ ਹਰਿਦੁਆਰ ਲਿਆਇਆ ਸੀ। ਕੋਤਵਾਲ ਅਮਰਜੀਤ ਸਿੰਘ ਨੇ ਕਿਹਾ ਕਿ ਦੋਵੇਂ ਲੜਕੀਆਂ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਸਵੇਰੇ ਮੁਲਜ਼ਮ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ।