ਨਵੀਂ ਦਿੱਲੀ (ਆਈਏਐੱਨਐੱਸ) : ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਇਸ ਸਾਲ ਸਿਹਤ ਐਮਰਜੈਂਸੀ ਨਹੀਂ ਰਹਿ ਜਾਵੇਗੀ। ਹੌਲੀ-ਹੌਲੀ ਇਸਦਾ ਖ਼ਤਰਾ ਮੌਸਮੀ ਫਲੂ ਵਾਂਗ ਰਹਿ ਜਾਵੇਗਾ। ਕੋਵਿਡ-19 ਨਾਲ ਦੁਨੀਆ ਭਰ ’ਚ ਹੁਣ ਤਕ 70 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਡਬਲਯੂਐੱਚਓ ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਅਦਨੋਮ ਘੇਬਰੇਸਸ ਨੇ ਸ਼ੁੱਕਰਵਾਰ ਨੂੰ ਜਿਨੇਵਾ ’ਚ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ, ਮੈਨੂੰ ਯਕੀਨ ਹੈ ਕਿ ਇਸ ਸਾਲ ਅਸੀਂ ਇਹ ਕਹਿਣ ’ਚ ਸਮਰੱਥ ਹੋਵਾਂਗੇ ਕਿ ਕੌਮਾਂਤਰੀ ਚਿੰਤਾ ਦੇ ਜਨਤਕ ਸਿਹਤ ਐਮਰਜੈਂਸੀ ਦੇ ਰੂਪ ’ਚ ਕੋਵਿਡ-19 ਖ਼ਤਮ ਹੋ ਸਕਦਾ ਹੈ। ਮੈਨੂੰ ਲਗਦਾ ਹੈ ਕਿ ਅਸੀਂ ਉਸ ਬਿੰਦੂ ’ਤੇ ਆ ਰਹੇ ਹਾਂ, ਜਿੱਥੇ ਅਸੀਂ ਕੋਵਿਡ-19 ਨੂੰ ਉਸੇ ਤਰ੍ਹਾਂ ਦੇਖ ਸਕਦੇ ਹਾਂ ਜਿਵੇਂ ਅਸੀਂ ਮੌਸਮੀ ਇਨਫਲੂਐਂਜ਼ਾ ਨੂੰ ਦੇਖਦੇ ਹਾਂ।’ ਉਨ੍ਹਾਂ ਕਿਹਾ ਕਿ ਕੋਵਿਡ ਮਨੁੱਖੀ ਸਿਹਤ ਲਈ ਖ਼ਤਰਾ ਬਣਿਆ ਰਹੇਗਾ। ਟੇਡ੍ਰੋਸ ਨੇ ਕਿਹਾ ਕਿ ਵਾਇਰਸ ਜ਼ਿਆਦਾ ਸੰਕ੍ਰਾਮਕ ਹੋ ਸਕਦਾ ਹੈ ਪਰ ਗੰਭੀਰ ਬਿਮਾਰੀ ਦਾ ਕਾਰਨ ਨਹੀਂ ਬਣਦਾ। 11 ਮਾਰਚ, 2020 ਨੂੰ ਕੋਵਿਡ-19 ਨੂੰ ਮਹਾਮਾਰੀ ਦੇ ਰੂਪ ’ਚ ਚਿੰਨ੍ਹਤ ਕੀਤਾ ਗਿਆ ਸੀ।
ਦੇਸ਼ ਦੇ 76 ਨਮੂੁਨਿਆਂ ’ਚ ਕੋਵਿਡ ਦੀ ਨਵੀਂ ਕਿਸਮ ਪਾਈ ਗਈ
ਦੇਸ਼ ’ਚ ਕੋਵਿਡ-19 ਦੇ 76 ਨਮੂਨਿਆਂ ’ਚ ਵਾਇਰਸ ਦੀ ਨਵੀਂ ਕਿਸਮ ਐਕਸਬੀਬੀ1.16 ਪਾਈ ਗਈ ਹੈ। ਇਹ ਦੇਸ਼ ’ਚ ਕੋਵਿਡ-19 ਦੇ ਮਾਮਲਿਆਂ ’ਚ ਹਾਲੀਆ ਵਾਧੇ ਦੀ ਵਜ੍ਹਾ ਹੋ ਸਕਦਾ ਹੈ। ਇੰਸਾਕਾਗ ਦੇ ਅੰਕੜਿਆਂ ਮੁਤਾਬਕ, ਕੋਰੋਨਾ ਵਾਇਰਸ ਦੀ ਇਹ ਨਵੀਂ ਕਿਸਮ ਜਿਨ੍ਹਾਂ ਨਮੂਨਿਆਂ ’ਚ ਮਿਲੀ ਹੈ, ਉਨ੍ਹਾਂ ’ਚੋਂ 30 ਕਰਨਾਟਕ, 29 ਮਹਾਰਾਸ਼ਟਰ, ਸੱਤ ਪੁਡੁਚੇਰੀ, ਪੰਜ ਦਿੱਲੀ, ਦੋ ਤੇਲੰਗਾਨਾ, ਇਕ-ਇਕ ਨਮੂਨੇ ਗੁਜਰਾਤ-ਹਿਮਾਚਲ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਹਨ। ਵਾਇਰਸ ਦਾ ਐਕਸਬੀਬੀ1.16 ਰੂਪ ਸਭ ਤੋਂ ਪਹਿਲਾਂ ਜਨਵਰੀ ’ਚ ਸਾਹਮਣੇ ਆਇਆ ਸੀ। ਰਾਸ਼ਟਰੀ ਕੋਵਿਡ ਟਾਸਕ ਫੋਰਸ ਦੀ ਅਗਵਾਈ ਕਰ ਚੁੱਕੇ ਏਮਜ਼ ਦੇ ਸਾਬਕਾ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਕੋਵਿਡ ਮਾਮਲਿਆਂ ’ਚ ਵਾਧੇ ਦੀ ਵਜ੍ਹਾ ਐਕਸਬੀਬੀ1.16 ਪ੍ਰਕਾਰ ਲਗਦਾ ਹੈ, ਜਦਕਿ ਇਨਫਲੂਐਂਜਾ ਦੇ ਮਾਮਲੇ ਐੱਚ3ਐੱਨ2 ਦੇ ਕਾਰਨ ਹਨ।
126 ਦਿਨਾਂ ਬਾਅਦ ਮਿਲੇ ਕੋਵਿਡ ਦੇ 800 ਤੋਂ ਵੱਧ ਨਵੇਂ ਮਾਮਲੇ
ਦੇਸ਼ ’ਚ ਕੋਵਿਡ-19 ਵਾਇਰਸ ਦੇ ਰੋਜ਼ਾਨਾ ਮਾਮਲਿਆਂ ’ਚ ਮੁੜ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ’ਚ ਕੋਵਿਡ ਦੇ 843 ਨਵੇਂ ਮਾਮਲੇ ਪਾਏ ਗਏ। 126 ਦਿਨਾਂ ਬਾਅਦ ਇਕ ਦਿਨ ’ਚ 800 ਤੋਂ ਵੱਧ ਕੇਸ ਸਾਹਮਣੇ ਆਏ ਹਨ।
Posted By: Sandip Kaur