ਨਵੀਂ ਦਿੱਲੀ (ਏਜੰਸੀ) : ਭਾਰਤੀ ਰੇਲਵੇ ਨੇ ਏਸੀ-3 ਇਕੋਨਾਮੀ ਕਲਾਸ ਦਾ ਕਿਰਾਇਆ ਫਿਰ ਘਟਾ ਦਿੱਤਾ ਹੈ। ਹਾਲਾਂਕਿ ਬੈੱਡਿੰਗ ਰੋਲ ਦੀ ਵਿਵਸਥਾ ਪਹਿਲਾਂ ਵਾਂਗ ਹੀ ਰਹੇਗੀ। ਬੁੱਧਵਾਰ ਤੋਂ ਇਹ ਫ਼ੈਸਲਾ ਲਾਗੂ ਹੋ ਗਿਆ ਹੈ। ਰੇਲਵੇ ਬੋਰਡ ਦੇ ਸਰਕੂਲਰ ਮੁਤਾਬਕ ਪੁਰਾਣੀ ਵਿਵਸਥਾ ਬਹਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਫ਼ੈਸਲੇ ਤਹਿਤ ਆਨਲਾਈਨ ਤੇ ਕਾਊਂਟਰ ਤੋਂ ਟਿਕਟ ਲੈਣ ਵਾਲੇ ਯਾਤਰੀਆਂ ਨੂੰ ਪ੍ਰੀ ਬੁੱਕ ਕੀਤੀ ਗਈ ਟਿਕਟ ਦਾ ਵਾਧੂ ਪੈਸਾ ਵਾਪਸ ਕੀਤਾ ਜਾਵੇਗਾ।
ਰੇਲ ਅਧਿਕਾਰੀਆਂ ਮੁਤਾਬਕ, ਨਵੇਂ ਹੁਕਮ ’ਚ ਏਸੀ-3 ਇਕੋਨਾਮੀ ਦਾ ਕਿਰਾਇਆ ਆਮ ਏਸੀ-3 ਤੋਂ ਘੱਟ ਕੀਤਾ ਗਿਆ ਹੈ। ਹਾਲਾਂਕਿ ਪਿਛਲੇ ਸਾਲ ਰੇਲਵੇ ਬੋਰਡ ਨੇ ਏਸੀ-3 ਇਕੋਨਾਮੀ ਤੇ ਏਸੀ-3 ਦਾ ਕਿਰਾਇਆ ਬਰਾਬਰ ਕਰ ਦਿੱਤਾ ਸੀ। ਨਵੇਂ ਸਰਕੂਲਰ ਮੁਤਾਬਕ ਕਿਰਾਇਆ ਘੱਟ ਹੋਣ ਦੇ ਬਾਵਜੂਦ ਇਕੋਨਾਮੀ ਕੋਚ ’ਚ ਪਹਿਲਾਂ ਵਾਂਗ ਹੀ ਕੰਬਲ ਤੇ ਚਾਦਰ ਦੇਣ ਦੀ ਵਿਵਸਥਾ ਲਾਗੂ ਰਹੇਗੀ।
ਏਸੀ-3 ਤੋਂ ਸੱਤ ਫ਼ੀਸਦੀ ਤੱਕ ਘੱਟ ਕਿਰਾਇਆ
ਅਸਲ ’ਚ ਇਕੋਨਾਮੀ ਏਸੀ-3 ਕੋਚ ਸਸਤੀ ਏਅਰ ਕੰਡੀਸ਼ਨਰ ਰੇਲ ਯਾਤਰਾ ਸੇਵਾ ਹੈ। ਇਕੋਨਾਮੀ ਏਸੀ-3 ਕੋਚ ਦੀ ਸ਼ੁਰੂਆਤ ਸਲੀਪਰ ਸ਼੍ਰੇਣੀ ਦੇ ਯਾਤਰੀਆਂ ਨੂੰ ‘ਸਭ ਤੋਂ ਚੰਗੀ ਤੇ ਸਭ ਤੋਂ ਸਸਤੀ ਏਸੀ ਯਾਤਰਾ’ ਮੁਹਈਆ ਕਰਵਾਉਣ ਲਈ ਹੋਈ ਸੀ। ਇਨ੍ਹਾਂ ਕੋਚ ਦਾ ਕਿਰਾਇਆ ਆਮ ਏਸੀ-3 ਸੇਵਾ ਦੇ ਮੁਕਾਬਲੇ ਛੇ-ਸੱਤ ਫ਼ੀਸਦੀ ਤੱਕ ਘੱਟ ਰਹਿੰਦਾ ਹੈ। ਰੇਲ ਅਧਿਕਾਰੀਆਂ ਮੁਤਾਬਕ ਏਸੀ-3 ਕੋਚ ’ਚ ਬਰਥ ਦੀ ਗਿਣਤੀ 72 ਹੁੰਦੀ ਹੈ, ਜਦਕਿ ਏਸੀ-3 ਇਕੋਨਾਮੀ ’ਚ ਸੀਟਾਂ ਦੀ ਗਿਣਤੀ 80 ਹੁੰਦੀ ਹੈ। ਇਸ ਤਰ੍ਹਾਂ ਇਸ ਲਈ ਹੁੰਦਾ ਹੈ, ਕਿਉਂਕਿ ਏਸੀ-3 ਕੋਚ ਦੇ ਮੁਕਾਬਲੇ ਏਸੀ-3 ਇਕੋਨਾਮੀ ਕੋਚ ਦੀਆਂ ਸੀਟਾਂ ਦੀ ਚੌੜਾਈ ਘੱਟ ਹੁੰਦੀ ਹੈ।
ਕਿਰਾਇਆ ਘਟਾਉਣਾ ਵੀ ਫ਼ਾਇਦੇ ਦਾ ਸੌਦਾ
ਕਿਰਾਇਆ ਘੱਟ ਕਰਨਾ ਵੀ ਫ਼ਾਇਦੇ ਦਾ ਸੌਦਾ ਹੈ। ਰੇਲਵੇ ਨੇ ਇਕੋਨਾਮੀ ਏਸੀ-3 ਕੋਚ ਤੋਂ ਸਾਲ ’ਚ 231 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਅੰਕੜਿਆਂ ਮੁਤਾਬਕ ਅਪ੍ਰੈਲ-ਅਗਸਤ, 2022 ਦੌਰਾਨ ਇਸ ਇਕੋਨਾਮੀ ਕੋਚ ਰਾਹੀਂ 15 ਲੱਖ ਲੋਕਾਂ ਨੇ ਯਾਤਰਾ ਕੀਤੀ ਤੇ ਇਸ ਤੋਂ 177 ਕਰੋੜ ਰੁਪਏ ਦੀ ਕਮਾਈ ਹੋਈ ਸੀ। ਇਸ ਤੋਂ ਇਹ ਵੀ ਸਾਫ਼ ਹੈ ਕਿ ਇਨ੍ਹਾਂ ਕੋਚ ਦੀ ਸ਼ੁਰੂਆਤ ਨਾਲ ਆਮ ਏਸੀ-3 ਦੀ ਕਮਾਈ ’ਤੇ ਕੋਈ ਅਸਰ ਨਹੀਂ ਪਿਆ। ਇਸ ਲਈ ਰੇਲਵੇ ਨੇ ਏਸੀ-3 ਇਕੋਨਾਮੀ ਦਾ ਕਿਰਾਇਆ ਹੋਰ ਘੱਟ ਕਰ ਦਿੱਤਾ ਹੈ।
Posted By: Shubham Kumar