ਨਵੀਂ ਦਿੱਲੀ (ਆਈਏਐੱਨਐੱਸ) : ਫਰਜ਼ੀ ਨੋਟਾਂ ਦੀ ਸਮੱਗਲਿੰਗ ਦੇ ਮੁਲਜ਼ਮ ਕੁਲਦੀਪ ਸਿੰਘ ਦੂਆ ਨੂੰ ਸੱਤ ਸਾਲ ਬਾਅਦ ਪਿਛਲੇ ਹਫ਼ਤੇ ਬੈਂਕਾਕ ਤੋਂ ਵਾਪਸ ਲਿਆਂਦਾ ਗਿਆ। ਕੋਰਟ ਨੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ।

ਹਵਾਲਗੀ ਪ੍ਰਕਿਰਿਆ 'ਚ ਸ਼ਾਮਲ ਰਹੀ ਸੀਬੀਆਈ ਨੇ ਸੋਮਵਾਰ ਨੂੰ ਦੱਸਿਆ ਕਿ ਕੁਲਦੀਪ ਸਿੰਘ 25 ਜੂਨ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ (ਆਈਜੀਏਆਈ) 'ਤੇ ਉਤਰਿਆ। ਉਥੇ ਉਸ ਨੂੰ ਗਿ੍ਫ਼ਤਾਰ ਕਰ ਕੇ ਵਿਸ਼ੇਸ਼ ਸੀਬੀਆਈ ਕੋਰਟ ਸਾਹਮਣੇ ਪੇਸ਼ ਕੀਤਾ ਗਿਆ। ਕੋਰਟ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਪੰਜਾਬ ਦੇ ਨਵਾਂਸ਼ਹਿਰ ਨਿਵਾਸੀ ਕੁਲਦੀਪ ਖ਼ਿਲਾਫ਼ ਲੁਕਆਊਟ ਨੋਟਿਸ ਵੀ ਜਾਰੀ ਸੀ।

ਸੀਬੀਆਈ ਨੇ ਆਈਜੀਆਈ ਹਵਾਈ ਅੱਡੇ 'ਤੇ ਸਥਿਤ ਕਸਟਮ ਡਿਊਟੀ ਵਿਭਾਗ ਦੀ ਸ਼ਿਕਾਇਤ 'ਤੇ 13 ਸਤੰਬਰ 2012 ਨੂੰ ਕੁਲਦੀਪ, ਕੁਲਵੰਤ ਰਾਓ ਤੇ ਹੋਰ ਅਣਪਛਾਤੇ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਤੇ ਨਕਲੀ ਨੋਟਾਂ ਦੀ ਸਮੱਗਲਿੰਗ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਦੋਸ਼ ਹੈ ਕਿ ਕਸਟਮ ਡਿਊਟੀ ਵਿਭਾਗ ਨੇ 11-12 ਸਤੰਬਰ 2012 ਦੀ ਬੀਤੀ ਰਾਤ ਨਵਾਂਸ਼ਹਿਰ ਜ਼ਿਲ੍ਹੇ ਦੇ ਮੁਕਤਪੁਰਾ ਨਿਵਾਸੀ ਕੁਲਵੰਤ ਤੋਂ 6,01,500 ਰੁਪਏ ਦੇ ਨਕਲੀ ਨੋਟ ਜ਼ਬਤ ਕੀਤੇ ਸਨ। ਕੁਲਵੰਤ ਨੇ ਜਾਂਚ ਦੌਰਾਨ ਕੁਲਦੀਪ ਦਾ ਨਾਂ ਲਿਆ ਸੀ ਤੇ ਕਿਹਾ ਸੀ ਕਿ ਉਸ ਨੇ ਹੀ ਨਕਲੀ ਨੋਟ ਭਾਰਤ ਲਿਜਾਣ ਲਈ ਦਿੱਤੇ ਸਨ। ਜਾਂਚ ਤੋਂ ਬਾਅਦ ਕੁਲਵੰਤ ਖ਼ਿਲਾਫ਼ ਦੋਸ਼ ਪੱਤਰ ਤਾਂ ਦਾਖ਼ਲ ਕਰ ਦਿੱਤਾ ਗਿਆ ਪਰ ਕੁਲਦੀਪ ਸੱਤ ਸਾਲਾਂ ਤਕ ਲਗਾਤਾਰ ਫਰਾਰ ਰਿਹਾ।