ਠਾਣੇ (ਪੀਟੀਆਈ) : ਕੁਝ ਸਾਲ ਪਹਿਲਾਂ ਹਿੰਦੂ ਧਰਮ ਨੂੰ ਛੱਡ ਕੇ ਈਸਾਈ ਧਰਮ ਅਪਣਾਉਣ ਵਾਲੀ ਔਰਤ ਦਾ ਉਸ ਦੇ ਪੁੱਤਰਾਂ ਨੇ ਦੋ ਤਰ੍ਹਾਂ ਨਾਲ ਸਸਕਾਰ ਕੀਤਾ। ਇਹ ਮਾਮਲਾ ਮਹਾਰਾਸ਼ਟਰ ਦੇ ਪਾਲਘਰ ਦਾ ਹੈ।

ਪੁਲਿਸ ਇੰਸਪੈਕਟਰ ਦਲੀਪ ਪਵਾਰ ਮੁਤਾਬਕ, 65 ਸਾਲਾ ਫੁਲਾਈ ਢਾਬਡੇ ਨੇ ਆਪਣੇ ਪਤੀ ਤੇ ਇਕ ਪੁੱਤਰ ਨਾਲ ਕੁਝ ਸਾਲ ਪਹਿਲਾਂ ਹਿੰਦੂ ਧਰਮ ਨੂੰ ਛੱਡ ਕੇ ਈਸਾਈ ਧਰਮ ਅਪਣਾ ਲਿਆ ਸੀ। ਉਨ੍ਹਾਂ ਦੇ ਦੋ ਪੁੱਤਰਾਂ 'ਚੋਂ ਇਕ ਨੇ ਆਪਣਾ ਧਰਮ ਪਰਿਵਰਤਨ ਨਹੀਂ ਕੀਤਾ ਸੀ। ਮਾਂ ਦੀ ਮੌਤ ਤੋਂ ਬਾਅਦ ਸਸਕਾਰ ਨੂੰ ਲੈ ਕੇ ਦੋਵੇਂ ਪੁੱਤਰਾਂ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ। ਇਕ ਪੁੱਤਰ ਉਸ ਨੂੰ ਦਫ਼ਨਾਉਣ ਦੀ ਜ਼ਿੱਦ ਕਰਨ ਲੱਗਾ ਤੇ ਦੂਜਾ ਹਿੰਦੂ ਧਰਮ ਮੁਤਾਬਕ ਸਸਕਾਰ ਕਰਨ 'ਤੇ ਅੜ ਗਿਆ। ਇਸ ਦੌਰਾਨ ਵਿਵਾਦ ਕਾਫ਼ੀ ਵੱਧ ਗਿਆ ਅਤੇ ਮੌਕੇ 'ਤੇ ਪਿੰਡ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦੋਵਾਂ 'ਚੋਂ ਕੋਈ ਵੀ ਭਰਾ ਪਿੱਛੇ ਹਟਣ ਲਈ ਤਿਆਰ ਨਹੀਂ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਿੰਡ ਦੇ ਮੁਖੀ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਅਫਸਰ ਸੁਧੀਰ ਸਾਂਖੇ ਤੁਰੰਤ ਮੌਕੇ 'ਤੇ ਪੁੱਜੇ ਅਤੇ ਦੋਵਾਂ ਪੁੱਤਰਾਂ ਨਾਲ ਗੱਲਬਾਤ ਕੀਤੀ। ਬਾਅਦ 'ਚ ਸਾਰਿਆਂ ਨੇ ਮਿਲ ਕੇ ਈਸਾਈ ਧਰਮ ਮੁਤਾਬਕ ਔਰਤ ਨੂੰ ਦਫ਼ਨਾਉਣ ਦਾ ਫ਼ੈਸਲਾ ਕੀਤਾ, ਜਦਕਿ ਦੂਜੇ ਪੁੱਤਰ ਨੇ ਪੁਤਲਾ ਬਣਾ ਕੇ ਹਿੰਦੂ ਧਰਮ ਮੁਤਾਬਕ ਮਾਂ ਦਾ ਸਸਕਾਰ ਕੀਤਾ।

Posted By: Sunil Thapa