ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਖ਼ਿਲਾਫ਼ ਜੰਗ ਵਿਚਾਲੇ ਇਕ ਚੰਗੀ ਖ਼ਬਰ ਆਈ ਹੈ। ਦੇਸ਼ 'ਚ ਪਹਿਲੀ ਵਾਰ 24 ਘੰਟੇ 'ਚ ਰਿਕਾਰਡ 20,572 ਮਰੀਜ਼ ਠੀਕ ਹੋਏ ਹਨ। ਇਸ ਦੌਰਾਨ ਤਿੰਨ ਲੱਖ ਤੋਂ ਜ਼ਿਆਦਾ ਨਮੂਨਿਆਂ ਦਾ ਪ੍ਰੀਖਣ ਕੀਤਾ ਗਿਆ। ਹਰੇਕ ਦਿਨ ਕੋਰੋਨਾ ਦੇ ਨਮੂਨਿਆਂ ਦੀ ਜਾਂਚ ਕਰਵਾਉਣ ਦੀ ਸਮਰੱਥਾ ਵੀ ਵੱਧ ਕੇ ਕਰੀਬ ਚਾਰ ਲੱਖ ਤਕ ਪੁੱਜ ਗਈ ਹੈ। ਹਰੇਕ ਦਿਨ 10 ਲੱਖ ਆਬਾਦੀ 'ਤੇ ਜਾਂਚ ਦੀ ਗਿਣਤੀ ਵੀ 8994.7 ਹੋ ਗਈ ਹੈ।

ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਦੇ ਵਿਗਿਆਨੀ ਤੇ ਮੀਡੀਆ ਕੋਆਰਡੀਨੇਟਰ ਡਾ. ਲੋਕੇਸ਼ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਨੂੰ ਕੁਲ 3,20,161 ਨਮੂਨਿਆਂ ਦਾ ਪ੍ਰਰੀਖਣ ਕੀਤਾ ਗਿਆ। 24 ਘੰਟੇ 'ਚ ਕੋਰੋਨਾ ਸੈਂਪਲਾਂ ਦੀ ਜਾਂਚ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਹੁਣ ਤਕ 1,24,12,664 ਸੈਂਪਲਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ 25 ਮਈ ਨੂੰ ਰੋਜ਼ਾਨਾ ਨਮੂਨਿਆਂ ਦੀ ਜਾਂਚ ਸਮਰੱਥਾ 1.5 ਲੱਖ ਸੀ ਜੋ ਵੱਧ ਕੇ ਕਰੀਬ ਚਾਰ ਲੱਖ 'ਤੇ ਪੁੱਜ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਲੈਬਾਂ ਦੀ ਗਿਣਤੀ 'ਚ ਵਾਧੇ ਨਾਲ ਰੋਜ਼ਾਨਾ ਨਮੂਨਿਆਂ ਦੀ ਜਾਂਚ ਸਮਰੱਥਾ ਵਧੀ ਹੈ। ਕੋਰੋਨਾ ਜਾਂਚ ਕਰਨ ਵਾਲੀਆਂ ਲੈਬਾਂ ਦੀ ਗਿਣਤੀ ਵੱਧ ਕੇ 1,223 ਹੋ ਗਈ ਹੈ, ਜਿਸ 'ਚ 865 ਸਰਕਾਰੀ ਤੇ 358 ਨਿੱਜੀ ਲੈਬਾਂ ਸ਼ਾਮਲ ਹਨ। ਇਸ ਤੋਂ ਇਲਾਵਾ ਆਰਟੀ ਪੀਸੀਆਰ ਟੈਸਟ, ਟਰੂਨੈੱਟ ਟੈਸਟ ਤੇ ਸੀਬੀਐੱਨਏਏਟੀ ਦੀ ਗਿਣਤੀ 'ਚ ਵਾਧਾ ਅਦਭੁੱਤ ਹੈ। ਜਨਵਰੀ, 2020 'ਚ ਸਿਰਫ ਇਕ ਲੈਬ ਸੀ, ਮਾਰਚ 'ਚ ਇਨ੍ਹਾਂ ਦੀ ਗਿਣਤੀ ਵੱਧ ਕੇ 121 ਹੋਈ ਤੇ ਹੁਣ 1,223 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 29,429 ਨਵੇਂ ਮਾਮਲੇ ਸਾਹਮਣੇ ਆਏ ਤੇ 582 ਲੋਕਾਂ ਦੀ ਮੌਤ ਹੋ ਗਈ। ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 9,36,181 ਹੋ ਗਈ ਹੈ ਤੇ ਹੁਣ ਤਕ 24,309 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਲਗਾਤਾਰ ਚੌਥੇ ਦਿਨ 28 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤਕ 5,92,031 ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਵੀ ਹੋਏ ਹਨ ਤੇ ਸਰਗਰਮ ਮਰੀਜ਼ 3,19,840 ਰਹਿ ਗਏ ਹਨ। ਇਸ ਤਰ੍ਹਾਂ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਵੱਧ ਕੇ 63.24 ਫ਼ੀਸਦੀ ਹੋ ਗਈ ਹੈ।

ਉਥੇ, ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਰਾਤ 11 ਵਜੇ ਤਕ ਮਿਲੇ ਅੰਕੜਿਆਂ ਮੁਤਾਬਕ ਮੰਗਲਵਾਰ ਦੇਰ ਰਾਤ ਤੋਂ ਹੁਣ ਤਕ 32,672 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਗਿਣਤੀ ਵੱਧ ਕੇ 9,63,773 ਹੋ ਗਈ ਹੈ। ਹੁਣ ਤਕ 6,10,430 ਮਰੀਜ਼ ਪੂਰੀ ਤਰ੍ਹਾਂ ਠੀਕ ਹੋਏ ਹਨ। ਬੁੱਧਵਾਰ ਨੂੰ 21,415 ਮਰੀਜ਼ ਠੀਕ ਹੋਏ ਹਨ। ਸਰਗਰਮ ਮਰੀਜ਼ 3,28,480 ਰਹਿ ਗਏ ਹਨ। ਹੁਣ ਤਕ 24,863 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਬੁੱਧਵਾਰ ਨੂੰ ਵੀ 603 ਮੌਤਾਂ ਹੋਈਆਂ, ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 223, ਕਰਨਾਟਕ 'ਚ 87, ਤਾਮਿਲਨਾਡੂ 'ਚ 68, ਆਂਧਰ ਪ੍ਰਦੇਸ਼ 'ਚ 44, ਦਿੱਲੀ 'ਚ 41, ਉੱਤਰ ਪ੍ਰਦੇਸ਼ 'ਚ 29, ਬੰਗਾਲ 'ਚ 20, ਗੁਜਰਾਤ 'ਚ 10, ਪੰਜਾਬ 'ਚ ਅੱਠ, ਓਡੀਸ਼ਾ, ਰਾਜਸਥਾਨ ਤੇ ਪੁਡੂਚੇਰੀ 'ਚ ਤਿੰਨ-ਤਿੰਨ ਤੇ ਕੇਰਲਾ ਤੇ ਚੰਡੀਗੜ੍ਹ 'ਚ ਇਕ-ਇਕ ਮੌਤ ਸ਼ਾਮਲ ਹੈ।

ਸਿਹਤ ਮੰਤਰਾਲੇ ਤੇ ਹੋਰ ਸਰੋਤਿਆਂ ਤੋਂ ਮਿਲੇ ਅੰਕੜਿਆਂ 'ਚ ਫਰਕ ਸੂਬਿਆਂ ਤੋਂ ਕੇਂਦਰ ਨੂੰ ਸੂਚਨਾਵਾਂ ਮਿਲਣ 'ਚ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਲੈ ਕੇ ਜਾਰੀ ਕਰਦੀਆਂ ਹਨ।

ਮਹਾਰਾਸ਼ਟਰ 'ਚ ਮੁੜ ਵਧੇ ਮਾਮਲੇ

ਮਹਾਰਾਸ਼ਟਰ 'ਚ ਦੋ ਦਿਨਾਂ ਤੋਂ ਬਾਅਦ ਮੁੜ ਨਵੇਂ ਮਾਮਲੇ ਮਿਲੇ ਹਨ। ਸੂਬੇ 'ਚ 7,975 ਮਾਮਲੇ ਸਾਹਮਣੇ ਆਏ ਤੇ ਮਰੀਜ਼ਾਂ ਦੀ ਗਿਣਤੀ ਵੱਧ ਕੇ 2,75,640 ਹੋ ਗਈ ਹੈ। ਹੁਣ ਤਕ 10,928 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਮਿ੍ਤਕਾਂ 'ਚ ਮਹਾਰਾਸ਼ਟਰ ਪੁਲਿਸ ਦੇ 82 ਮੁਲਾਜ਼ਮ ਵੀ ਹਨ। ਕਰੀਬ ਸਾਢੇ ਛੇ ਹਜ਼ਾਰ ਪੁਲਿਸ ਮੁਲਾਜ਼ਮ ਇਨਫੈਕਟਿਡ ਹੋਏ ਹਨ। ਹੁਣ ਤਕ ਡੇਢ ਲੱਖ ਤੋਂ ਜ਼ਿਆਦਾ ਮਰੀਜ਼ ਸਿਹਤਮੰਦ ਵੀ ਹੋਏ ਹਨ। ਪੁਡੂਚੇਰੀ 'ਚ 67 ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ 1,596 ਹੋ ਗਈ ਹੈ। ਗੋਆ 'ਚ 198 ਨਵੇਂ ਕੇਸ ਮਿਲੇ ਹਨ ਤੇ ਕੁਲ ਮਾਮਲੇ 2,951 ਹੋ ਗਏ ਹਨ। ਗੁਜਰਾਤ 'ਚ ਵੀ 925 ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਹੁਣ ਤਕ 44,648 ਕੋਰੋਨਾ ਪਾਜ਼ੇਟਿਵ ਮਿਲ ਚੁੱਕੇ ਹਨ। ਸਰਗਰਮ ਮਰੀਜ਼ 11 ਹਜ਼ਾਰ ਤੋਂ ਕੁਝ ਜ਼ਿਆਦਾ ਹਨ। ਅਹਿਮਦਾਬਾਦ ਤੋਂ ਬਾਅਦ ਹੁਣ ਸੂਰਤ 'ਚ ਵੀ ਤੇਜ਼ੀ ਨਾਲ ਮਾਮਲੇ ਵੱਧ ਰਹੇ ਹਨ।

ਰਾਜਧਾਨੀ ਦਿੱਲੀ 'ਚ ਲਗਾਤਾਰ ਸੁਧਾਰ

ਕੌਮੀ ਰਾਜਧਾਨੀ ਦਿੱਲੀ 'ਚ ਤੇਜ਼ੀ ਨਾਲ ਹਾਲਾਤ ਸੁਧਰਦੇ ਨਜ਼ਰ ਆ ਰਹੇ ਹਨ। ਸੂਬੇ 'ਚ 1,647 ਨਵੇਂ ਮਾਮਲੇ ਆਏ ਹਨ ਤੇ 41 ਲੋਕਾਂ ਦੀ ਮੌਤ ਹੋਈ ਹੈ ਪਰ ਇਸ ਦੌਰਾਨ ਕਰੀਬ ਢਾਈ ਹਜ਼ਾਰ ਮਰੀਜ਼ ਸਿਹਤਮੰਦ ਵੀ ਹੋਏ ਹਨ। ਇਕ ਸਮਾਂ ਅਜਿਹਾ ਵੀ ਆਇਆ ਸੀ ਕਿ ਚਾਰ ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਸਨ 100 ਤੋਂ ਜ਼ਿਆਦਾ ਲੋਕਾਂ ਦੀ ਰੋਜ਼ ਮੌਤ ਹੋ ਰਹੀ ਸੀ। ਦਿੱਲੀ 'ਚ ਹੁਣ ਤਕ 1,16,931 ਮਾਮਲੇ ਸਾਹਮਣੇ ਆ ਚੁੱਕੇ ਹਨ।

ਤਾਮਿਲਨਾਡੂ-ਕੇਰਲਾ 'ਚ ਧਮਾਕਾਖੇਜ਼ ਸਥਿਤੀ

ਦੱਖਣੀ ਭਾਰਤ ਦੇ ਸੂਬਿਆਂ 'ਚ ਕੋਰੋਨਾ ਦੀ ਸਥਿਤੀ ਧਮਾਕਾਖੇਜ਼ ਹੁੰਦੀ ਜਾ ਰਹੀ ਹੈ। ਤਾਮਿਲਨਾਡੂ 'ਚ ਤਾਂ ਤੇਜ਼ੀ ਨਾਲ ਮਾਮਲੇ ਵੱਧ ਰਹੇ ਹਨ। ਤੀਜੇ ਪੜਾਅ 'ਚ ਕੇਰਲਾ 'ਚ ਵੀ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਤਾਮਿਲਨਾਡੂ 'ਚ 4,496 ਨਵੇਂ ਮਾਮਲੇ ਤੇ ਇਨਫੈਕਟਿਡਾਂ ਦਾ ਅੰਕੜਾ 1,51,820 'ਤੇ ਪੁੱਜ ਗਿਆ। ਹਾਲਾਂਕਿ, ਇਸ ਦੌਰਾਨ 5000 ਮਰੀਜ਼ਾਂ ਨੂੰ ਹਸਪਤਾਲੋਂ ਛੁੱਟੀ ਵੀ ਮਿਲੀ ਹੈ। ਸੂਬੇ 'ਚ ਲਗਾਤਾਰ ਨਵੇਂ ਮਾਮਲਿਆਂ ਤੋਂ ਜ਼ਿਆਦਾ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਸਾਹਮਣੇ ਆ ਰਹੀ ਹੈ। ਕੇਰਲਾ 'ਚ ਰਿਕਾਰਡ 623 ਨਵੇਂ ਕੇਸਾਂ ਨਾਲ ਮਰੀਜ਼ਾਂ ਦੀ ਗਿਣਤੀ 9,553 'ਤੇ ਪੁੱਜ ਗਈ ਹੈ। ਆਂਧਰ ਪ੍ਰਦੇਸ਼ 'ਚ ਵੀ ਰਿਕਾਰਡ 2,432 ਨਵੇਂ ਕੇਸ ਸਾਹਮਣੇ ਆਏ ਹਨ। ਸੂੁਬੇ 'ਚ ਹੁਣ ਤਕ 35,451 ਮਰੀਜ਼ ਮਿਲ ਚੁੱਕੇ ਹਨ। 452 ਲੋਕਾਂ ਦੀ ਹੁਣ ਤਕ ਜਾਨ ਵੀ ਜਾ ਚੁੱਕੀ ਹੈ। ਕਰਨਾਟਕ 'ਚ 3,176 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਗਿਣਤੀ 47,253 ਹੋ ਗਈ ਹੈ। ਸੂਬੇ 'ਚ ਹੁਣ ਤਕ 928 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਉੱਤਰ ਪ੍ਰਦੇਸ਼ 'ਚ ਵੀ ਵਧੇ ਮਾਮਲੇ

ਉੱਤਰ ਪ੍ਰਦੇਸ਼ 'ਚ ਵੀ 1,659 ਨਵੇਂ ਮਾਮਲੇ ਮਿਲੇ ਹਨ ਤੇ ਕੋਰੋਨਾ ਪਾਜ਼ੇਟਿਵ ਪਾਏ ਗਏ ਲੋਕਾਂ ਦੀ ਗਿਣਤੀ 41,383 ਹੋ ਗਈ ਹੈ। ਸੂਬੇ 'ਚ ਹੁਣ ਤਕ 1,012 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਰਾਜਸਥਾਨ 'ਚ 235 ਨਵੇਂ ਕੇਸ ਮਿਲੇ ਹਨ ਤੇ ਮਰੀਜ਼ਾਂ ਦੀ ਗਿਣਤੀ 25,806 ਹੋ ਗਈ ਹੈ। ਓਡੀਸ਼ਾ 'ਚ 618 ਨਵੇਂ ਕੇਸਾਂ ਨਾਲ ਹੁਣ ਤਕ 14,898, ਬੰਗਾਲ 'ਚ 1,589 ਨਵੇਂ ਕੇਸਾਂ ਨਾਲ 34,427, ਪੰਜਾਬ 'ਚ 288 ਨਵੇਂ ਮਾਮਲਿਆਂ ਨਾਲ 8,799, ਚੰਡੀਗੜ੍ਹ 'ਚ 19 ਨਵੇਂ ਮਾਮਲਿਆਂ ਨਾਲ 619 ਤੇ ਲੱਦਾਖ 'ਚ 14 ਨਵੇਂ ਮਰੀਜ਼ਾਂ ਨਾਲ ਕੁਲ 1,142 ਮਾਮਲੇ ਸਾਹਮਣੇ ਆ ਚੁੱਕੇ ਹਨ।

ਉੱਤਰ-ਪੂਰਬੀ ਸੂਬਿਆਂ 'ਚ ਵੀ ਵਧੀ ਕੋਰੋਨਾ ਦੀ ਮਾਰ

ਕਦੇ ਕੋਰੋਨਾ ਮੁਕਤ ਰਹੇ ਉੱਤਰ-ਪੁਰਬੀ ਸੂਬਿਆਂ 'ਚ ਵੀ ਇਨਫੈਕਸ਼ਨ ਵੱਧਣ ਲੱਗਾ ਹੈ। ਅਸਾਮ 'ਚ ਪਿਛਲੇ ਦੋ ਦਿਨਾਂ ਦੌਰਾਨ ਕਮਿਸ਼ਨਰ ਤੇ ਸਕੱਤਰ ਪੱਧਰ ਦੇ ਅਧਿਕਾਰੀ ਵੀ ਕੋਰੋਨਾ ਦੀ ਲਪੇਟ 'ਚ ਆਏ ਹਨ। ਰਾਜਪਾਲ ਦੇ ਸਕੱਤਰ, ਉਨ੍ਹਾਂ ਦੀ ਮਾਂ ਤੇ ਪਤਨੀ ਵੀ ਇਨਫੈਕਟਿਡ ਪਾਏ ਗਏ ਹਨ। ਸੂਬੇ 'ਚ ਹੁਣ ਤਕ 10 ਹਜ਼ਾਰ ਤੋਂ ਜ਼ਿਆਦਾ ਇਨਫੈਕਟਿਡ ਸਾਹਮਣੇ ਆ ਚੁੱਕੇ ਹਨ। ਤਿ੍ਪੁਰਾ 'ਚ ਵੀ ਹੁਣ ਤਕ 2,184 ਇਨਫੈਕਟਿਡ ਮਿਲ ਚੁੱਕੇ ਹਨ। ਇਸੇ ਤਰ੍ਹਾਂ ਅਰੁਨਾਚਲ ਪ੍ਰਦੇਸ਼ 'ਚ ਹੁਣ ਤਕ 462, ਸਿੱਕਮ 'ਚ 209 ਤੇ ਨਾਗਾਲੈਂਡ 'ਚ 902 ਮਾਮਲੇ ਸਾਹਮਣੇ ਆਏ ਹਨ।