ਚੀਨ, ਏਐਨਆਈ : ਚੀਨੀ ਅਧਿਕਾਰੀ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਨੂੰ ਲੈ ਕੇ ਪਹਿਲਾਂ ਹੀ ਚੌਕਸ ਨਜ਼ਰ ਆ ਰਹੇ ਹਨ। ਦਰਅਸਲ ਚੀਨੀ ਅਧਿਕਾਰੀ ਕੋਵਿਡ ਦੇ ਨਵੇਂ ਰੂਪ ਨਾਲ ਨਜਿੱਠਣ ਲਈ ਟੀਕਿਆਂ 'ਤੇ ਜ਼ੋਰ ਦਿੰਦੇ ਨਜ਼ਰ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਜੂਨ ਤਕ ਇਹ ਨਵਾਂ ਵੈਰੀਏਂਟ ਪੂਰੇ ਖੇਤਰ ਵਿਚ ਤੇਜ਼ੀ ਨਾਲ ਫੈਲ ਜਾਵੇਗਾ ਤੇ ਉਸ ਦੌਰਾਨ ਲਗਭਗ 65 ਮਿਲੀਅਨ ਲੋਕਾਂ ਨੂੰ ਸੰਕਰਮਿਤ ਕਰੇਗਾ। ਇਕ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ।

ਮਹਾਮਾਰੀ ਨਾਲ ਨਜਿੱਠਣ ਲਈ ਨਵੇਂ ਸਿਰੇ ਤੋਂ ਹੋਵੇਗਾ ਟੀਕਾਕਰਨ

ਅਧਿਕਾਰਤ ਮੀਡੀਆ ਸੂਤਰਾਂ ਅਨੁਸਾਰ ਚੀਨੀ ਮਹਾਮਾਰੀ ਵਿਗਿਆਨੀ ਝੋਂਗ ਨਾਨਸ਼ਾਨ ਨੇ ਸੋਮਵਾਰ ਨੂੰ ਕਿਹਾ ਕਿ XBB ਓਮੀਕ੍ਰੋਨ ਉਪ-ਵਰਗਾਂ (XBB. 1.9.1, XBB. 1.5, ਅਤੇ XBB. 1.16) ਲਈ ਦੋ ਨਵੇਂ ਟੀਕਿਆਂ ਨੂੰ ਲਾਂਚ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ। ਝੋਂਗ ਨੇ ਕਿਹਾ ਕਿ ਤਿੰਨ ਤੋਂ ਚਾਰ ਹੋਰ ਟੀਕਿਆਂ ਨੂੰ ਜਲਦੀ ਹੀ ਮਨਜ਼ੂਰੀ ਦਿੱਤੀ ਜਾਵੇਗੀ ਪਰ ਹੋਰ ਜਾਣਕਾਰੀ ਨਹੀਂ ਦਿੱਤੀ।

ਚੀਨ ਨੇ ਨਵੀਂ ਮਹਾਂਮਾਰੀ ਬਾਰੇ ਦਿੱਤੀ ਚੇਤਾਵਨੀ

ਚੀਨ ਦੁਆਰਾ ਆਪਣੀ ਜ਼ੀਰੋ-ਕੋਵਿਡ ਨੀਤੀ ਨੂੰ ਖਤਮ ਕਰਨ ਤੋਂ ਬਾਅਦ ਇਹ ਲਹਿਰ ਵਾਇਰਸ ਦੀ ਸਭ ਤੋਂ ਵੱਡੀ ਲਹਿਰ ਹੋ ਸਕਦੀ ਹੈ। ਚੀਨ ਵਿਚ ਅਧਿਕਾਰੀ ਦਾਅਵਾ ਕਰਦੇ ਹਨ ਕਿ ਮੌਜੂਦਾ ਲਹਿਰ ਘੱਟ ਗੰਭੀਰ ਹੋਵੇਗੀ ਪਰ ਜਨਤਕ ਸਿਹਤ ਮਾਹਿਰ ਡਰਦੇ ਹਨ ਕਿ ਜੇ ਲਹਿਰ ਨਾਲ ਨਜਿੱਠਣ ਲਈ ਉਪਾਅ ਨਾ ਕੀਤੇ ਗਏ ਤਾਂ ਬਜ਼ੁਰਗ ਆਬਾਦੀ ਵਿਚ ਮੌਤ ਦਰ ਵਿਚ ਹੋਰ ਉਛਾਲ ਆ ਸਕਦਾ ਹੈ।

ਜਨਤਾ ਨੂੰ ਦਿੱਤੀ ਗਈ ਸਲਾਹ

ਚੀਨ ਦੇ ਲੋਕਾਂ ਨੂੰ ਸਿਹਤ ਮਾਹਿਰਾਂ ਨੇ ਭਰੋਸਾ ਦਿਵਾਇਆ ਹੈ ਕਿ ਦੁਬਾਰਾ ਲਾਗ ਦੇ ਹਲਕੇ ਲੱਛਣ ਦੇਖੇ ਜਾ ਰਹੇ ਹਨ ਪਰ ਹਸਪਤਾਲਾਂ ਵਿਚ ਪਿਛਲੀ ਸਰਦੀਆਂ ਵਾਂਗ ਭੀੜ ਨਹੀਂ ਹੋਵੇਗੀ। ਮਾਹਿਰਾਂ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਭੀੜ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

Posted By: Harjinder Sodhi