ਨਵੀਂ ਦਿੱਲੀ, ਜੇਐੱਨਐੱਨ : ਬਾਹਰੀ ਦਿੱਲੀ ਦੇ ਬਵਾਨਾ ਉਦਯੋਗਿਕ ਖੇਤਰ 'ਚ ਕਾਰਡ ਬੋਰਡ ਬਣਾਉਣ ਵਾਲੀ ਫੈਕਟਰੀ 'ਚ ਐਤਵਾਰ ਸਵੇਰੇ ਅੱਗ ਲੱਗ ਗਈ। ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਵਿਭਾਗ ਦੀਆਂ 14 ਗੱਡੀਆਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਦਸੇ 'ਚ ਅਜੇ ਤਕ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਮਿਲੀ ਹੈ।

ਜ਼ਿਕਰਯੋਗ ਹੈ ਕਿ ਇਹ ਅੱਗ ਫੈਕਟਰੀ ਦੀ ਪਹਿਲੀ ਮੰਜ਼ਿਲ 'ਤੇ ਲੱਗੀ ਹੈ। ਅਜੇ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਾ। ਖਦਸ਼ਾ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋਵੇਗੀ ਪਰ ਸਪੱਸ਼ਟ ਰੂਪ 'ਚ ਜਾਂਚ ਕਰਨ ਮਗਰੋਂ ਹੀ ਪਤਾ ਚੱਲੇਗਾ। ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਹੋ ਸਕਦੀ ਹੈ ਪਰ ਅਜੇ ਕੁਝ ਕਹਿਣਾ ਮੁਸ਼ਕਿਲ ਹੈ। ਫਿਲਹਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਦਿੱਲੀ ਦੇ ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਐਤਵਾਰ ਸਵੇਰੇ ਲਗਪਗ ਅੱਠ ਵਜੇ ਸੈਕਟਰ ਦੋ ਦੇ ਐੱਚ ਬਲਾਕ 'ਚ ਫੈਕਟਰੀ 'ਚ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲੀ ਸੀ। ਇਸ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਰਵਾਨਾ ਕੀਤਾ ਗਿਆ। ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਉਮੀਦ ਹੈ ਕਿ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ ਜਾਵੇਗਾ।

ਦਿੱਲੀ 'ਚ ਅੱਗ ਲੱਗਣ ਦੀਆਂ ਵਧੀਆਂ ਘਟਨਾਵਾਂ

  • ਦਸੰਬਰ 2019 'ਚ ਰਾਣੀ ਝਾਂਸੀ ਰੋਡ 'ਤੇ ਗੈਰ-ਕਾਨੂੰਨੀ ਰੂਪ 'ਚ ਚੱਲ ਰਹੀ ਇਕ ਚਾਰ ਮੰਜ਼ਿਲਾ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ 45 ਤੋਂ ਜ਼ਿਆਦਾ ਮਜ਼ਦੂਰਾਂ ਦੀ ਮੌਤ ਹੋ ਗਈ ਸੀ।
  • 13 ਜੂਨ 1997 'ਚ ਬਾਰਡਰ ਫਿਲਮ ਵੇਖਣ ਦੌਰਾਨ ਦਿੱਲੀ ਦੇ ਉਪਹਾਰ ਸਿਨੇਮਾ 'ਚ ਅੱਗ ਲੱਗੀ ਸੀ। ਇਸ 'ਚ 59 ਲੋਕਾਂ ਦੀ ਮੌਤ ਹੋ ਗਈ ਸੀ।
  • 20 ਨਵੰਬਰ 2011 ਨੂੰ ਨੰਦਨਗਰੀ ਇਲਾਕੇ 'ਚ ਪ੍ਰੋਗਰਾਮ ਦੌਰਾਨ ਅੱਗ ਲੱਗਣ ਨਾਲ 14 ਲੋਕਾਂ ਦੀ ਮੌਤ ਹੋ ਗਈ ਸੀ।
  • ਜਨਵਰੀ 2018 ਨੂੰ ਬਵਾਨਾ ਦੀ ਇਕ ਗੈਰ-ਕਾਨੂੰਨੀ ਫੈਕਟਰੀ 'ਚ ਅੱਗ ਲੱਗ ਗਈ ਸੀ। 17 ਲੋਕਾਂ ਦੀ ਮੌਤ ਹੋ ਚੁੱਕੀ ਗਈ ਸੀ।
  • 11-12 ਫਰਵਰੀ 2019 ਰਾਤ ਨੂੰ ਕਰੋਲਬਾਗ ਦੇ ਹੋਟਲ 'ਚ ਅੱਗ ਲੱਗ ਗਈ ਸੀ। ਜਿਸ ਨਾਲ 17 ਲੋਕਾਂ ਦੀ ਮੌਤ ਹੋ ਗਈ ਸੀ

Posted By: Seema Anand