ਨਈ ਦੁਨੀਆ, ਨਵੀਂ ਦਿੱਲੀ : 27 May 2020 Comet : ਪਿਛਲੇ ਮਹੀਨੇ 29 ਅਪ੍ਰੈਲ ਨੂੰ ਵੱਡੇ ਉਲਕਾ ਪਿੰਡ (Asteroid) ਦੇ ਧਰਤੀ ਨਾਲ ਟਕਰਾਉਣ ਦਾ ਖ਼ਤਰਾ ਟਲਿਆ ਸੀ ਕਿ ਅਜਿਹੀ ਹੀ ਇਕ ਹੋਰ ਖਗੋਲੀ ਘਟਨਾ ਦੇ ਆਸਾਰ ਬਣ ਰਹੇ ਹਨ। ਹਾਲਾਂਕਿ ਇਸ ਵਾਰ ਉਲਕਾ ਪਿੰਡ ਨਹੀਂ ਬਲਕਿ ਇਕ ਵੱਡਾ ਧੁਮਕੇਤੂ ਧਰਤੀ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਇਹ ਸੂਰਜ ਵੱਲੋਂ ਧਰਤੀ ਦੇ ਪੰਧ 'ਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਮਈ ਦੇ ਅਖੀਰ ਤਕ ਇਹ ਧਰਤੀ ਦੇ ਬੇਹੱਦ ਨੇੜੇ ਆ ਜਾਵੇਗਾ। ਨਾਸਾ ਦੇ ਅਧਿਕਾਰਤ ਟਵਿੱਟਰ ਹੈਂਡਲ NASA Sun & Space ਤੇ NASA Asteroid Watch 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ 27 ਮਈ, 2020 ਨੂੰ ਧਰਤੀ ਦੀ ਸਤ੍ਹਾ ਦੇ ਬੇਹੱਦ ਨੇੜੇ ਹੋਵੇਗਾ। ਇਸ ਨੂੰ ਧਰਤੀ ਤੋਂ ਸਿੱਧੇ ਦੇਖਿਆ ਜਾ ਸਕਦਾ ਹੈ। ਧੁਮਕੇਤੂ ਦਾ ਨਜ਼ਰ ਆਉਣਾ ਆਪਣੇ-ਆਪ 'ਚ ਦੁਰਲੱਭ ਘਟਨਾ ਹੈ ਕਿਉਂਕਿ ਇਹ ਕਈ ਵਰ੍ਹਿਆਂ 'ਚ ਇਕ ਵਾਰ ਨਜ਼ਰ ਆਉਂਦੇ ਹਨ।

Comet SWAN ਨਾਂ ਦਾ ਇਹ ਧੁਮਕੇਤੂ ਪੁੱਛਲ ਤਾਰਿਆਂ ਦੀ ਹੀ ਤਰ੍ਹਾਂ ਆਪਣੇ ਪਿੱਛੇ ਮੀਲਾਂ ਲੰਬੇ ਧੂੜ, ਪੱਥਰ ਦੇ ਟੁੱਕੜੇ, ਗੈਸ, ਬਰਫ਼, ਸਪੇਸ ਡੈਬਰੀ ਦੇ ਕਣ ਆਦਿ ਨਾਲ ਲਿਆ ਰਿਹਾ ਹੈ। ਸੂਰਜ ਦੀ ਰੋਸ਼ਨੀ ਦੇ ਸੰਪਰਕ 'ਚ ਆ ਕੇ ਇਹ ਚਮਕ ਉੱਠਦੇ ਹਨ। ਹਾਲਾਂਕਿ ਧੁਮਕੇਤੂ, ਉਲਕਾ ਪਿੰਡਾਂ ਦੀ ਤਰ੍ਹਾਂ ਖ਼ਤਰਨਾਕ ਤੇ ਨੁਕਸਾਨਦੇਹ ਨਹੀਂ ਹੁੰਦੇ ਪਰ ਧਰਤੀ ਦੇ ਵਾਤਾਵਰਨ 'ਚ ਦਾਖ਼ਲ ਹੋਣ ਤੋਂ ਬਾਅਦ ਪੈਦਾ ਹੋਣ ਵਾਲੇ ਅਸਰ ਬਾਰੇ ਪਹਿਲਾਂ ਤੋਂ ਕੁਝ ਸਪੱਸ਼ਟ ਵੀ ਨਹੀਂ ਕਿਹਾ ਜਾ ਸਕਦਾ।

ਆਮ ਤੌਰ 'ਤੇ ਆਏ ਦਿਨ ਛੋਟੇ ਅਕਾਰ ਦੇ ਧੁਮਕੇਤੂ ਧਰਤੀ ਦੇ ਪੰਧ 'ਚ ਵੜ ਕੇ ਸੜ ਕੇ ਸੁਆਹ ਹੋ ਜਾਂਦੇ ਹਨ ਤੇ ਇਹ ਘਟਨਾ ਅਸਮਾਨ 'ਚ ਸਾਨੂੰ ਕਿਸੇ ਤਾਰੇ ਦੇ ਟੁੱਟ ਕੇ ਡਿੱਗਣ ਦੇ ਦ੍ਰਿਸ਼ ਦੇ ਰੂਪ 'ਚ ਨਜ਼ਰ ਆਉਂਦੀ ਹੈ। 27 ਮਈ ਨੂੰ ਧਰਤੀ ਨੇੜੇ ਆਉਣ ਵਾਲੇ ਧੁਮਕੇਤੂ ਦਾ ਅਸਮਾਨ 'ਤੇ ਅਸਰ ਦਿਖਾਈ ਦੇ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਅਸਮਾਨ ਦਾ ਰੰਗ ਹਰਾ ਹੋ ਜਾਵੇਗਾ ਜਿਹੜਾ ਇਕ ਰੋਮਾਂਚਕਾਰੀ ਅਨੁਭਵ ਹੋਵੇਗਾ।

ਜਾਣੋ ਧੁਮਕੇਤੂ ਦੀਆਂ ਖ਼ਾਸ ਗੱਲਾਂ

  • ਇਸ ਸਵਾਨ ਧੁਮਕੇਤੂ ਦੀ ਪੂੰਛ ਲੱਖਾਂ ਮੀਲ ਲੰਬੀ ਹੈ ਜਿਹੜੀ ਪੁਲਾੜ ਪ੍ਰੇਮੀਆਂ ਤੇ ਵਿਗਿਆਨੀਆਂ ਲਈ ਖਿੱਚ ਦਾ ਕੇਂਦਰ ਹੈ।
  • ਇਸ ਨੂੰ ਨੰਗੀਆਂ ਅੱਖਾਂ, ਬਿਨਾਂ ਟੈਲੀਸਕੋਪ ਦੀ ਮਦਦ ਦੇ ਵੀ ਦੇਖਿਆ ਜਾ ਸਕਦਾ ਹੈ। ਜ਼ਰੂਰੀ ਹੈ ਕਿ ਇਸ ਦੌਰਾਨ ਇਹ ਕਿਸੇ ਹੋਰ ਧੁਮਕੇਤੂ ਜਾਂ ਆਬਜੈਕਟ ਨਾਲ ਨਾ ਟਕਰਾਵੇ।
  • ਇਸ ਵੇਲੇ ਧਰਤੀ ਤੋਂ 53 ਮਿਲੀਅਨ ਯਾਨੀ 4 ਅਰਬ 2 ਕਰੋੜ 77 ਲੱਖ 3 ਹਜ਼ਾਰ 200 ਮੀਲ ਦੀ ਦੂਰੀ 'ਤੇ ਹੈ। ਜਿਸ ਰਫ਼ਤਾਰ ਨਾਲ ਇਹ ਧਰਤੀ ਵੱਲ ਵਧ ਰਿਹਾ ਹੈ, ਉਸ ਅਨਸੁਾਰ ਇਹ 27 ਮਈ ਤਕ ਧਰਤੀ ਨਾਲ ਟਕਰਾ ਸਕਦਾ ਹੈ।
  • ਬ੍ਰਿਟੇਨ ਸਮੇਤ ਕਈ ਯੂਰਪੀ ਦੇਸ਼ਾਂ 'ਚ ਇਸ ਨੂੰ ਸ਼ਾਮ ਨੂੰ ਦੇਖਿਆ ਜਾ ਸਕੇਗਾ। ਏਸ਼ਿਆਈ ਦੇਸ਼ਾਂ 'ਚ ਇਹ ਈਸਟਰਨ ਟਾਈਮ ਜ਼ੋਨ ਅਨੁਸਾਰ ਤੜਕਸਾਰ ਨਜ਼ਰ ਆ ਸਕਦਾ ਹੈ।
  • ਪੁਲਾੜ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਧੁਮਕੇਤੂ 11 ਹਜ਼ਾਰ ਵਰ੍ਹਿਆਂ 'ਚ ਇਕ ਵਾਰ ਧਰਤੀ ਨਾਲ ਟਕਰਾਉਂਦਾ ਹੈ। ਹਾਲਾਂਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਸਿਰਫ਼ ਅਸਮਾਨ ਦਾ ਰੰਗ ਬਦਲ ਕੇ ਹਰਾ ਹੋ ਜਾਂਦਾ ਹੈ।
  • 27 ਮਈ ਨੂੰ ਇਹ ਸਾਫ਼ ਦੇਖਿਆ ਜਾ ਸਕੇਗਾ। ਜੇਕਰ ਤੁਹਾਡੇ ਕੋਲ ਛੋਟੀ-ਮੋਟੀ ਦੂਰਬੀਣ ਜਾਂ ਟੈਲੀਸਕੋਪ ਹੋਵੇ ਤਾਂ ਹੋਰ ਵੀ ਚੰਗਾ ਹੈ।
  • ਸੂਰਜ ਦੇ ਇਹ ਜਿੰਨਾ ਨੇੜੇ ਹੋਵੇਗਾ, ਇਸ ਦੀ ਚਮਕ ਓਨੀ ਹੀ ਜ਼ਿਆਦਾ ਹੋ ਜਾਵੇਗਾ। ਇਸ ਗੱਲ ਦੀ ਸੰਭਾਵਨਾ ਵੀ ਹੈ ਕਿ ਇਹ ਛੋਟੇ ਟੁਕੜਿਆਂ 'ਚ ਵੰਡਿਆ ਜਾਵੇ।
  • ਇਸ ਧੁਮਕੇਤੂ 'ਚ ਮੁੱਖ ਰੂਪ 'ਚ ਬਰਫ਼ ਤੇ ਮੀਥੇਨ ਗੈਸ ਨਾਲ ਭਰਿਆ ਇਕ ਹਿੱਸਾ ਹੈ ਜਿਹੜਾ ਸੂਰਜ ਦੇ ਚੱਕਰ ਲਗਾ ਰਿਹਾ ਹੈ। ਧਰਤੀ ਨੇੜੇ ਆਉਣ ਦਾ ਕਾਰਨ ਗੁਰਤਾ ਖਿੱਚ ਬਲ ਹੈ।

Posted By: Seema Anand