ਸਟੇਟ ਬਿਊਰੋ, ਕੋਲਕਾਤਾ : ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਬਾਹਰੀ ਦੱਸਣ 'ਤੇ ਕਾਮਤਾਪੁਰ ਲਿਬਰੇਸ਼ਨ ਆਰਗੇਨਾਈਜੇਸ਼ਨ (ਕੇਐੱਲਓ) ਮੁਖੀ ਜੀਵਨ ਸਿੰਘ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀ ਰੋਕੂ ਐਕਟ (ਯੂਏਪੀਏ) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਕੇਐੱਲਓ ਮੁਖੀ ਜੀਵਨ ਸਿੰਘ ਨੇ ਹਾਲ ਹੀ ਵਿਚ ਜਾਰੀ ਵੀਡੀਓ ਸੰਦੇਸ਼ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਿੱਧੇ ਬਾਹਰੀ ਕਰਾਰ ਦਿੱਤਾ ਸੀ। ਹਾਲਾਂਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਮੁੱਖ ਮੰਤਰੀ ਦੇ ਨਾਂ 'ਤੇ ਕੋਈ ਵੀਡੀਓ ਜਾਰੀ ਕੀਤਾ ਗਿਆ ਹੈ।

ਇਸ ਬਾਰੇ ਮਹਾਨਗਰ ਦੇ ਨਾਲ ਲੱਗਦੇ ਵਿਧਾ ਨਗਰ ਇਲੈਕਟ੍ੌਨਿਕਸ ਕੰਪਲੈਕਸ ਥਾਣੇ ਨੇ ਜੀਵਨ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਜੀਵਨ ਸਿੰਘ ਨੇ ਕੁਝ ਦਿਨ ਪਹਿਲਾਂ ਇਹ ਵੀਡੀਓ ਜਾਰੀ ਕੀਤਾ ਸੀ। ਉਸ ਵਿਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਮਮਤਾ ਦਾ ਬੰਗਾਲ ਦੇ ਬਟਵਾਰੇ ਦਾ ਦੋਸ਼ ਪੂਰੀ ਤਰ੍ਹਾਂ ਝੂਠਾ ਹੈ। ਵੀਡੀਓ ਵਿਚ ਉਸ ਨੇ ਭਾਜਪਾ ਸੰਸਦ ਮੈਂਬਰ ਜਾਨ ਬਾਰਲਾ ਦੀ ਵੱਖਰੀ ਰਾਏ ਦੀ ਮੰਗ ਦਾ ਸਵਾਗਤ ਕੀਤਾ ਸੀ।

ਇਕ ਗੁਪਤ ਸਥਾਨ ਤੋਂ ਜਾਰੀ ਵੀਡੀਓ ਵਿਚ ਉਸ ਨੇ ਕਿਹਾ ਕਿ ਭਾਰਤ ਦੇ ਆਜ਼ਾਦ ਹੋਣ ਤੋਂ ਪਹਿਲਾਂ ਅਤੇ ਬਾਅਦ ਵਿਚ ਕੋਚ ਸਾਮਰਾਜ ਇਕ ਆਜ਼ਾਦ ਰਾਜ ਸੀ। ਇਸ ਭੂਮੀ ਨੂੰ ਬਾਅਦ ਵਿਚ ਭਾਰਤ 'ਚ ਮਿਲਾ ਲਿਆ ਗਿਆ। ਸਾਲ 1971 'ਚ ਬੰਗਲਾਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਪੂਰਬੀ ਬੰਗਾਲ ਦੇ ਬੰਗਾਲੀਆਂ ਨੇ ਉਥੋਂ ਦੇ ਮਾੜੇ ਹਾਲਾਤ ਕਾਰਨ ਇਸ ਭੂਮੀ 'ਚ ਸ਼ਰਨ ਲਈ ਸੀ।

ਜ਼ਿਕਰਯੋਗ ਹੈ ਕਿ ਕੇਐੱਲਓ ਸਾਲ 1996 ਤੋਂ ਅਲੱਗ ਕਾਮਤਾਪੁਰ ਰਾਜ ਲਈ ਅੰਦੋਲਨ ਕਰ ਰਿਹਾ ਹੈ। ਜੀਵਨ ਸਿੰਘ ਖ਼ਿਲਾਫ਼ ਕਈ ਮਾਮਲੇ ਦਰਜ ਹਨ। ਮੰਨਿਆ ਜਾ ਰਿਹਾ ਹੈ ਕਿ ਉਸ ਨੇ ਮਿਆਂਮਾਰ ਦੇ ਕਿਸੇ ਅਣਪਛਾਤੇ ਸਥਾਨ ਤੋਂ ਕੋਚ ਕਾਮਤਾਪੁਰ ਅਤੇ ਰਾਜਵੰਸ਼ੀ ਭਾਈਚਾਰੇ ਦੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਹੈ।

ਵੀਡੀਓ ਵਿਚ ਉਸ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ਜੇ ਵੱਖਰਾ ਰਾਜ ਬਣਦਾ ਹੈ ਤਾਂ ਲੋਕ ਵਿਦੇਸ਼ੀ ਸਰਕਾਰ ਦੇ ਦਮਨ ਤੋਂ ਮੁਕਤ ਹੋ ਜਾਣਗੇ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵੀਡੀਓ ਮੈਸੇਜ ਕਿਥੋਂ ਭੇਜਿਆ ਗਿਆ ਹੈ।