ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਖ਼ਿਲਾਫ਼ ਜੰਗ 'ਚ ਭਾਰਤ ਦੀ ਸਥਿਤੀ ਲਗਾਤਾਰ ਬਿਹਤਰ ਹੋ ਰਹੀ ਹੈ। ਮਹਾਮਾਰੀ ਨੂੰ ਮਾਤ ਦੇਣ ਵਾਲਿਆਂ ਦੇ ਮਾਮਲਿਆਂ 'ਚ ਭਾਰਤ ਪਿਛਲੇ ਕੁਝ ਦਿਨਾਂ ਤੋਂ ਸਿਖਰਲੇ 'ਤੇ ਬਣਿਆ ਹੋਇਆ ਹੈ। ਸਰਗਰਮ ਕੇਸਾਂ ਦੇ ਮਾਮਲਿਆਂ 'ਚ ਵੀ ਉਸ ਦੀ ਸਥਿਤੀ ਸੁਧਰੀ ਹੈ ਤੇ ਉਹ ਦੁਨੀਆ 'ਚ ਸੱਤਵੇਂ ਤੋਂ ਅੱਠਵੇਂ ਸਥਾਨ 'ਤੇ ਪੁੱਜ ਗਿਆ ਹੈ। ਭਾਰਤ ਤੋਂ ਜ਼ਿਆਦਾ ਸਰਗਰਮ ਮਾਮਲੇ ਅਮਰੀਕਾ, ਫਰਾਂਸ, ਇਟਲੀ, ਬੈਲਜੀਅਮ, ਬ੍ਰਾਜ਼ੀਲ, ਰੂਸ ਤੇ ਪੋਲੈਂਡ 'ਚ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਭਾਰਤ 'ਚ ਕੁਲ 4,38,667 ਸਰਗਰਮ ਮਾਮਲੇ ਹਨ, ਜੋ ਕੁਲ ਮਾਮਲਿਆਂ ਦਾ 4.78 ਫ਼ੀਸਦੀ ਹੈ। ਬੀਤੇ 24 ਦੌਰਾਨ 37,975 ਨਵੇਂ ਮਾਮਲਿਆਂ ਸਾਹਮਣੇ ਆਏ ਹਨ ਤੇ 480 ਲੋਕਾਂ ਦੀ ਮੌਤ ਹੋਈ ਹੈ। ਇਸ ਲਈ ਹੀ ਕੁਲ ਸਰਗਰਮ 91.77 ਲੱਖ ਹੋ ਗਏ ਹਨ ਤੇ 1,34,218 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹਾਲੇ ਤਕ 86.04 ਲੱਖ ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਵੀ ਹੋ ਚੁੱਕੇ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧ ਕੇ 93.76 ਫ਼ੀਸਦੀ ਤੇ ਮੌਤ ਦੀ ਦਰ ਡਿੱਗ ਕੇ 1.46 ਫ਼ੀਸਦੀ 'ਤੇ ਆ ਗਈ ਹੈ।

ਸੋਮਵਾਰ ਨੂੰ 10.99 ਲੱਖ ਕੋਰੋਨਾ ਟੈਸਟ

ਇੰਡੀਅਨ ਮੈਡੀਕਲ ਰਿਸਰਚ ਕੌਂਸਲ (ਆਈਸੀਐੱਮਆਰ) ਮੁਤਾਬਕ ਕੋਰੋਨਾ ਇਨਫੈਕਸ਼ਨ ਦਾ ਪਤਾ ਲਾਉਣ ਲਈ ਪੂਰੇ ਦੇਸ਼ 'ਚ ਕੁਲ 13.36 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਵਿਚੋਂ 10,99,545 ਨਮੂਨਿਆਂ ਦੀ ਜਾਂਚ ਸੋਮਵਾਰ ਨੂੰ ਕੀਤੀ ਗਈ।