ਨਵੀਂ ਦਿੱਲੀ (ਏਜੰਸੀ) : ਵਪਾਰ ਤੇ ਨਿਵੇਸ਼ ਵਧਾਉਣ ਦੇ ਨਾਲ ਭਾਰਤ ਤੇ ਅਰਬ ਲੀਗ ਦੇ ਦੇਸ਼ ਅੱਤਵਾਦ ਨਾਲ ਨਿਪਟਣ ਲਈ ਆਪਸੀ ਸਹਿਯੋਗ ਵਧਾਉਣਗੇ। ਬੁੱਧਵਾਰ ਨੂੰ ਅਰਬ-ਭਾਰਤ ਸਹਿਯੋਗ ਫੋਰਮ ਦੇ ਸੀਨੀਅਰ ਅਧਿਕਾਰੀਆਂ ਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਈ ਤੀਜੀ ਬੈਠਕ 'ਚ ਇਕ ਦੂਜੇ ਦੇ ਜਲ ਵਾਹਨਾਂ ਨੂੰ ਸਮੁੰਦਰੀ ਸੁਰੱਖਿਆ ਦੇਣ 'ਤੇ ਵੀ ਸਹਿਮਤੀ ਬਣੀ।

ਬੈਠਕ ਦੀ ਅਗਵਾਈ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸੰਜੇ ਭੱਟਾਚਾਰੀਆ ਤੇ ਲੀਗ ਆਫ ਅਰਬ ਸਟੇਟਸ 'ਚ ਸਥਾਈ ਰਾਜਦੂਤ ਤੇ ਮਿਸਰ ਦੇ ਸਹਾਇਕ ਵਿਦੇਸ਼ ਮੰਤਰੀ ਮੁਹੰਮਦ ਅਬੂ ਅਲ ਖੇਰ ਨੇ ਕੀਤੀ। ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਦੇ ਮੁਤਾਬਕ ਦੋਵੇਂ ਧਿਰਾਂ ਨੇ ਭਾਰਤ ਤੇ ਅਰਬ ਦੇਸ਼ਾਂ ਵਿਚਾਲੇ ਇਤਿਹਾਸਕ, ਵਪਾਰਕ ਤੇ ਸਭਿਆਚਾਰਕ ਸਬੰਧਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਬੈਠਕ 'ਚ ਦੋਵੇਂ ਧਿਰਾਂ ਨੇ ਆਪਸੀ ਸਬੰਧਾਂ ਦੀ ਮਜ਼ਬੂਤ ਬੁਨਿਆਦ ਤੇ ਹਿੱਤਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਇਸ ਫੋਰਮ ਦੇ ਜ਼ਰੀਏ ਸਬੰਧਾਂ ਨੂੰ ਨਵੀਆਂ ਉੱਚਾਈਆਂ ਦਿੱਤੀਆਂ ਜਾ ਸਕਦੀਆਂ ਹਨ। ਦੋਵੇਂ ਧਿਰਾਂ ਨੇ ਖੇਤਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਕਈ ਮੁੱਦਿਆਂ 'ਤੇ ਚਰਚਾ ਕੀਤੀ ਤੇ ਆਪਸੀ ਤਾਲਮੇਲ ਤੇ ਸਹਿਯੋਗ ਵਧਾਉਣ ਦੇ ਉਪਾਵਾਂ ਦੀ ਮਜ਼ਬੂਤੀ 'ਤੇ ਜ਼ੋਰ ਦਿੱਤਾ। ਦੋਵਾਂ ਧਿਰਾਂ ਨੇ ਖੇਤਰੀ ਤੇ ਪੱਛਮੀ ਏਸ਼ੀਆ ਦੇ ਮੁੱਦੇ ਦਾ ਹੱਲ ਸਾਰਥਕ ਸਮਝੌਤਿਆਂ ਰਾਹੀਂ ਕਰਨ ਦੀ ਗੱਲ ਦੁਹਰਾਈ। ਇਸ ਸਬੰਧੀ ਸੀਰੀਆ, ਲੀਬੀਆ, ਯਮਨ ਦੇ ਹਾਲਾਤ ਤੇ ਫਲਸਤੀਨ ਸਮੱਸਿਆ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਗਿਆ।

ਦੋਵਾਂ ਧਿਰਾਂ ਨੇ ਕੌਮਾਂਤਰੀ ਨਿਯਮਾਂ ਮੁਤਾਬਕ ਸੁਰੱਖਿਅਤ ਜਲ ਆਵਾਜਾਈ, ਸਮੁੰਦਰੀ ਸੁਰੱਖਿਆ ਤੇ ਅੱਤਵਾਦ ਨਾਲ ਨਜਿੱਠਣ ਲਈ ਸਹਿਯੋਗ ਵਧਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਬੈਠਕ 'ਚ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਮਾੜੇ ਹਾਲਾਤ ਦਾ ਮੁਕਾਬਲਾ ਕਰਨ ਲਈ ਸਹਿਯੋਗ ਵਧਾਉਣ 'ਤੇ ਵੀ ਚਰਚਾ ਹੋਈ। ਬੈਠਕ 'ਚ ਅਰਬ ਲੀਗ ਨੇ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ 'ਚ ਦੋ ਸਾਲ ਲਈ ਆਰਜ਼ੀ ਮੈਂਬਰ ਚੁਣੇ ਜਾਣ 'ਤੇ ਵਧਾਈ ਦਿੱਤੀ ਤੇ ਉਮੀਦ ਪ੍ਰਗਟਾਈ ਕਿ ਉਹ ਆਪਣੇ ਕਾਰਜਕਾਲ 'ਚ ਅਹਿਮ ਮੁੱਦਿਆਂ 'ਤੇ ਸਾਰਥਕ ਭੂਮਿਕਾ ਨਿਭਾਉਣਗੇ। ਬੈਠਕ 'ਚ ਦੋਵਾਂ ਧਿਰਾਂ ਨੇ ਫੋਰਮ ਦੇ ਤਜਵੀਜ਼ਸ਼ੁਦਾ ਪ੍ਰਰੋਗਰਾਮਾਂ ਤੇ ਬੈਠਕਾਂ ਦੀਆਂ ਤਰੀਕਾਂ ਛੇਤੀ ਤੈਅ ਕਰਨ 'ਤੇ ਵੀ ਸਹਿਮਤੀ ਪ੍ਰਗਟਾਈ।