ਮਲਪੁਰਮ (ਪੀਟੀਆਈ) : ਕੇਰਲ ਦੀ ਚੋਣ ਇਤਿਹਾਸ 'ਚ ਭਾਜਪਾ ਨੇ ਇਕ ਵੱਡਾ ਰਣਨੀਤਕ ਕਦਮ ਵਧਾਉਂਦਿਆਂ ਮਲਪੁਰਮ ਜ਼ਿਲ੍ਹੇ ਦੀਆਂ ਲੋਕ ਬਾਡੀਜ਼ ਚੋਣਾਂ 'ਚ ਪਹਿਲੀ ਵਾਰ ਦੋ ਮੁਸਲਿਮ ਔਰਤਾਂ ਨੂੰ ਉਮੀਦਵਾਰ ਬਣਾਇਆ ਹੈ। ਮੁਸਲਿਮ ਬਹੁਤਾਤ ਮਲਪੁਰਮ ਜ਼ਿਲ੍ਹਾ ਇੰਡੀਆ ਯੂਨੀਅਨ ਮੁਸਲਿਮ ਲੀਗ (ਆਈਯੂਐੱਮਐੱਲ) ਦਾ ਮਜ਼ਬੂਤ ਕਿਲ੍ਹਾ ਮੰਨਿਆ ਜਾਂਦਾ ਹੈ। ਅਜਿਹੇ 'ਚ ਭਾਜਪਾ ਵੱਲੋਂ ਮੁਸਲਿਮ ਔਰਤਾਂ ਨੂੰ ਉਮੀਦਵਾਰ ਬਣਾਏ ਜਾਣ ਨਾਲ ਪਾਰਟੀ ਵਰਕਰਾਂ 'ਚ ਕਾਫੀ ਉਤਸ਼ਾਹ ਹੈ।

ਉਂਝ ਤਾਂ ਭਾਜਪਾ ਨੇ ਇਸ ਲੋਕ ਬਾਡੀਜ਼ ਚੋਣਾਂ 'ਚ ਕਈ ਮੁਸਲਿਮ ਮਰਦਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਪਰ ਇਸ ਭਾਈਚਾਰੇ ਤੋਂ ਪਾਰਟੀ ਨੇ ਸਿਰਫ ਦੋ ਔਰਤਾਂ ਨੂੰ ਮੈਦਾਨ 'ਚ ਉਤਾਰਿਆ ਹੈ।

ਬਡਨੂਰ ਨਿਵਾਸੀ ਟੀਪੀ ਸੁਲਫਥ ਪੰਚਾਇਤ ਦੇ ਵਾਰਡ ਨੰ. 6 ਤੋਂ ਤੇ ਚੇਮਾਡ ਨਿਵਾਸੀ ਆਇਸ਼ਾ ਹੁਸੈਨ ਪੋਂਮੁਡਮ ਗ੍ਰਾਮ ਪੰਚਾਇਤ ਦੇ ਵਾਰਡ ਨੰ. 9 ਤੋਂ ਚੋਣ ਲੜ ਰਹੀਆਂ ਹਨ।

ਹਾਲਾਂਕਿ ਇਨ੍ਹਾਂ ਦੋਵੇਂ ਮੁਸਲਿਮ ਔਰਤਾਂ ਦੇ ਭਾਜਪਾ ਨਾਲ ਜੁੜਨ ਨਾਲ ਆਪੋ-ਆਪਣੇ ਕਾਰਨ ਹਨ। ਸੁਲਫਥ ਕੇਂਦਰ 'ਚ ਭਾਜਪਾ ਸਰਕਾਰ ਦੀਆਂ 'ਪ੍ਰਗਤੀਸ਼ੀਲ' ਨੀਤੀਆਂ ਤੋਂ ਪ੍ਰਭਾਵਿਤ ਹੈ, ਜਿਨ੍ਹਾਂ ਨੇ ਦੇਸ਼ 'ਚ ਮੁਸਲਿਮ ਅੌਰਤਾਂ ਦੇ ਭਵਿੱਖ ਨੂੰ ਬਿਹਤਰ ਬਣਾਇਆ ਹੈ। ਉਥੇ, ਆਇਸ਼ਾ ਹੁਸੈਨ ਆਪਣੇ ਪਤੀ ਦੇ ਭਾਜਪਾ ਨਾਲ ਜੁੜੇ ਹੋਣ ਕਾਰਨ ਪਾਰਟੀ ਨਾਲ ਜੁੜੀ ਹੈ।

15 ਸਾਲ ਦੀ ਉਮਰ 'ਚ ਵਿਆਹੀ ਗਈ ਤੇ ਦੋ ਬੱਚਿਆਂ ਦੀ ਮਾਂ ਸੁਲਫਥ ਦਾ ਕਹਿਣਾ ਹੈ ਕਿ ਉਹ ਮੋਦੀ ਸਰਕਾਰ ਵੱਲੋਂ ਤਿੰਨ ਤਲਾਕ 'ਤੇ ਪਾਬੰਦੀ ਲਾਉਣ ਵਰਗੇ ਕਦਮ ਤੋਂ ਪ੍ਰਭਾਵਿਤ ਹੈ। ਅਜਿਹਾ ਕਦਮ ਉਠਾਉਣ ਦਾ ਹੌਸਲਾ ਸਿਰਫ ਮੋਦੀ ਹੀ ਕਰ ਸਕਦੇ ਹਨ। ਉਹ ਕਹਿੰਦੀ ਹੈ ਕਿ ਉਨ੍ਹਾਂ ਦਾ ਵੀ ਸੁਪਨਾ ਪੜ੍ਹਾਈ ਕਰ ਕੇ ਸਰਕਾਰੀ ਨੌਕਰੀ ਕਰਨ ਦਾ ਸੀ ਪਰ ਘੱਟ ਉਮਰ 'ਚ ਵਿਆਹ ਹੋਣ ਨਾਲ 10ਵੀਂ ਤਕ ਦੀ ਪੜ੍ਹ ਸਕੀ।

ਆਇਸ਼ਾ ਦੇ ਪਤੀ ਹੁਸੈਨ ਵਾਰੀਕੋਟਿਲ ਭਾਜਪਾ ਦੇ ਘੱਟ ਗਿਣਤੀ ਮੋਰਚੇ ਦੇ ਸਰਗਰਮ ਵਰਕਰ ਹਨ। 10 ਸਾਲ ਦੀ ਧੀ ਦੀ ਮਾਂ ਆਇਸ਼ਾ ਵੀ ਮੋਦੀ ਸਰਕਾਰ ਦੀਆਂ ਪ੍ਰਗਤੀਸ਼ੀਲ ਨੀਤੀਆਂ ਤੋਂ ਪ੍ਰਭਾਵਿਤ ਹੈ। ਉਹ ਕਹਿੰਦੀ ਹੈ, 'ਮੈਂ ਮੋਦੀ ਤੇ ਭਾਜਪਾ ਦੀਆਂ ਸ਼ਾਨਦਾਰ ਨੀਤੀਆਂ ਲਈ ਉਨ੍ਹਾਂ ਦੀ ਹਮਾਇਤੀ ਹਾਂ।' ਆਇਸ਼ਾ ਦੇ ਪਤੀ ਹੁਸੈਨ ਵੀ ਭਾਜਪਾ ਦੇ ਬੈਨਰ ਹੇਠ ਮੁਲਪੁਰਮ ਜ਼ਿਲ੍ਹਾ ਪੰਚਾਇਤ ਦੇ ਇਦਾਰੀਕੋਡ ਬਲਾਕ ਤੋਂ ਚੋਣ ਲੜ ਰਹੇ ਹਨ।